ਤਰਨਤਾਰਨ, 5 ਜੂਨ 2022 – ਪੰਜਾਬ ਦੇ ਤਰਨਤਾਰਨ ਸ਼ਹਿਰ ‘ਚ 8 ਮਈ ਨੂੰ ਮਿਲੇ ਢਾਈ ਕਿਲੋ ਆਰਡੀਐਕਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਕਾਬੂ ਕਰਨ ‘ਚ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਜੋਬਨਜੀਤ ਸਿੰਘ ਉਰਫ਼ ਜੋਬਨ ਵਾਸੀ ਪਿੰਡ ਅਵਾਣ ਵਸਾਊ ਭਿੰਡੀਸੈਦਾਂ ਅੰਮ੍ਰਿਤਸਰ ਨੂੰ ਰਾਜਸਥਾਨ ਤੋਂ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮ ਨੇ ਪੁਲੀਸ ਪੁੱਛਗਿੱਛ ਵਿੱਚ ਕਈ ਖੁਲਾਸੇ ਕੀਤੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਤਰਨਤਾਰਨ ਦੀ ਇੱਕ ਖੰਡਰ ਇਮਾਰਤ ਵਿੱਚੋਂ 2 ਕਿਲੋ 500 ਗ੍ਰਾਮ ਆਰਡੀਐਕਸ ਵਾਲਾ ਬੰਬ ਬਰਾਮਦ ਕੀਤਾ ਸੀ। ਪੁਲਸ ਨੇ ਮੁੱਢਲੀ ਜਾਂਚ ਕਰਦੇ ਹੋਏ ਬਲਜਿੰਦਰ ਸਿੰਘ ਉਰਫ ਬਿੰਦੂ ਵਾਸੀ ਅਜਨਾਲਾ ਗੁੱਜਰਪੁਰਾ ਅਤੇ ਜਗਤਾਰ ਸਿੰਘ ਜੱਗਾ ਵਾਸੀ ਪਿੰਡ ਖਾਨੋਵਾਲ ਨੂੰ ਗ੍ਰਿਫਤਾਰ ਕਰ ਲਿਆ ਸੀ।
ਇਹਨਾਂ ਮੁਲਜ਼ਮਾਂ ਨੇ ਜੋਬਨ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਸੀ। ਉਹਨਾਂ ਦੱਸਿਆ ਸੀ ਕਿ ਜੋਬਨ ਨੇ ਉਹਨਾਂ ਨੂੰ ਇਹ ਬੰਬ ਲਾਉਣ ਲਈ ਪੈਸੇ ਦਿੱਤੇ ਸਨ। ਉਦੋਂ ਤੋਂ ਪੁਲਿਸ ਨੇ ਜੋਬਨ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਫ਼ੋਨ ਲੋਕੇਸ਼ਨ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮ ਨੂੰ ਜੈਪੁਰ (ਰਾਜਸਥਾਨ) ਤੋਂ ਗਿ੍ਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ।

ਜੋਬਨ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਪਾਕਿਸਤਾਨ ਵਿੱਚ ਬੈਠੇ ਬਿਲਾਲ ਸੰਧੂ ਦੇ ਸੰਪਰਕ ਵਿੱਚ ਸੀ। ਉਹ ਇਨਸਕ੍ਰਿਪਟਡ ਐਪਲੀਕੇਸ਼ਨਾਂ ਰਾਹੀਂ ਫੋਨ ‘ਤੇ ਉਸ ਨਾਲ ਲਗਾਤਾਰ ਸੰਪਰਕ ਵਿੱਚ ਸੀ। ਬਿਲਾਲ ਨੇ ਉਸ ਨੂੰ ਬੰਬ ਪਾਕਿਸਤਾਨ ਤੋਂ ਭੇਜਿਆ ਸੀ, ਜਿਸ ਨੂੰ ਉਸ ਨੇ ਇੰਪਲਾਂਟ ਕੀਤਾ ਸੀ।
ਪਾਕਿਸਤਾਨ ਵਿੱਚ ਬੈਠਾ ਬਿਲਾਲ ਸੰਧੂ ਜੋਬਨ ਨੂੰ ਸਾਰੀਆਂ ਹਦਾਇਤਾਂ ਦੇ ਰਿਹਾ ਸੀ। ਬਿਲਾਲ ਨੇ ਜੋਬਨ ਨੂੰ ਇਹ ਬੰਬ ਨੌਸ਼ਹਿਰਾ ਪੰਨੂਆ ‘ਚ ਲਗਾਉਣ ਲਈ ਕਿਹਾ ਸੀ, ਜਿਸ ਤੋਂ ਬਾਅਦ ਉਸ ਨੇ ਗ੍ਰਿਫਤਾਰ ਮੁਲਜ਼ਮਾਂ ਬਿੰਦੂ ਅਤੇ ਜੱਗਾ ਨਾਲ ਸੰਪਰਕ ਕੀਤਾ। ਦੋਵਾਂ ਨੂੰ ਪੈਸੇ ਦੇ ਕੇ ਜੋਬਨ ਨੇ ਮੁਲਜ਼ਮਾਂ ਨੂੰ ਨੌਸ਼ਹਿਰਾ ਪੰਨੂਆ ਵਿੱਚ ਬੰਬ ਲਾਉਣ ਲਈ ਭੇਜਿਆ ਸੀ।
