- ਨਸ਼ੀਲੇ ਪਦਾਰਥ ਸੁੱਟਣ ਵਾਲੇ 2 ਗ੍ਰਿਫ਼ਤਾਰ
- ਤਲਾਸ਼ੀ ਮੁਹਿੰਮ ਦੌਰਾਨ ਮੋਬਾਈਲ ਅਤੇ ਨਸ਼ੀਲੇ ਪਦਾਰਥ ਮਿਲੇ ਹਨ
ਫਿਰੋਜ਼ਪੁਰ, 26 ਮਈ 2023 – ਫਿਰੋਜ਼ਪੁਰ ਜ਼ਿਲੇ ‘ਚ ਕੇਂਦਰੀ ਜੇਲ ਦੇ ਅੰਦਰ ਗੇਂਦ ਵਰਗੀ ਚੀਜ਼ ਸੁੱਟਣ ਦੀ ਕੋਸ਼ਿਸ਼ ਕਰਨ ਵਾਲੇ ਦੋ ਬਾਈਕ ਸਵਾਰ ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ‘ਚ ਮੁਲਜ਼ਮਾਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਪੁਲਸ ਨੇ ਇਸ ਮਾਮਲੇ ‘ਚ ਨਸ਼ੀਲੇ ਪਦਾਰਥਾਂ ਦੀ ਖਰੀਦ ਕਰਨ ਵਾਲੇ ਹਵਾਲਾਤੀ ਦਾ ਨਾਂ ਵੀ ਸਾਹਮਣੇ ਲਿਆ ਹੈ, ਜਿਸ ਨੂੰ ਪਰਚੇ ‘ਚ ਨਾਮਜ਼ਦ ਕੀਤਾ ਗਿਆ ਹੈ।
ਫਿਰੋਜ਼ਪੁਰ ਸਿਟੀ ਥਾਣਾ ਦੀ ਐਸ.ਆਈ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਆਪਣੀ ਟੀਮ ਸਮੇਤ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਆਲੇ-ਦੁਆਲੇ ਰੁਟੀਨ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜੇਲ੍ਹ ਦੇ ਪਿੱਛੇ ਇੱਕ ਬਾਈਕ ਖੜੀ ਮਿਲੀ, ਜਿਸ ਦੇ ਨਾਲ ਹੀ ਦੋ ਨੌਜਵਾਨ ਨਰਿੰਦਰ ਸਿੰਘ ਵਾਸੀ ਫਿਰੋਜ਼ਪੁਰ ਅਤੇ ਸ਼ਵਿੰਦਰ ਸਿੰਘ ਵਾਸੀ ਤਰਨਤਾਰਨ ਵੀ ਖੜ੍ਹੇ ਸਨ।
ਐਸਆਈ ਅਨੁਸਾਰ ਇਹ ਦੋਵੇਂ ਜੇਲ੍ਹ ਦੇ ਅੰਦਰ ਕੋਈ ਨਾ ਕੋਈ ਚੀਜ਼ ਸੁੱਟ ਰਹੇ ਸਨ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਹੱਥਾਂ ‘ਚੋਂ ਗੇਂਦ ਵਰਗੀ ਚੀਜ਼ ਹੇਠਾਂ ਸੁੱਟ ਦਿੱਤੀ ਅਤੇ ਪੁਲਿਸ ਨੂੰ ਦੇਖ ਕੇ ਦੋਵੇਂ ਭੱਜਣ ਲੱਗੇ, ਜਿਨ੍ਹਾਂ ਨੂੰ ਪੁਲਿਸ ਟੀਮ ਨੇ ਪਿੱਛਾ ਕਰਕੇ ਕਾਬੂ ਕਰ ਲਿਆ। ਇਸ ਤੋਂ ਬਾਅਦ ਜਦੋਂ ਗੇਂਦ ਦੇ ਆਕਾਰ ਵਾਲੀ ਚੀਜ਼ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚੋਂ 50 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ।
ਦੋਵਾਂ ਨੇ ਦੱਸਿਆ ਕਿ ਇਹ ਨਸ਼ਾ ਜੇਲ੍ਹ ਅੰਦਰ ਬੰਦ ਗੁਰਪ੍ਰੀਤ ਸਿੰਘ ਉਰਫ਼ ਬੱਬੂ ਵਾਸੀ ਗੁਰੂਹਰਸਹਾਏ ਨੇ ਮੰਗਵਾਇਆ ਸੀ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਅਤੇ ਅੰਡਰ ਟਰਾਇਲ ਹਵਾਲਾਤੀ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਜੇਲ੍ਹ ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਵਾਲਾਤੀ ਗੁਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।
ਐਸਆਈ ਅਨੁਸਾਰ ਇਸ ਗ੍ਰਿਫ਼ਤਾਰੀ ਤੋਂ ਬਾਅਦ ਫਿਰੋਜ਼ਪੁਰ ਜੇਲ੍ਹ ਵਿੱਚ ਅਚਨਚੇਤ ਚੈਕਿੰਗ ਅਤੇ ਤਲਾਸ਼ੀ ਲਈ ਗਈ। ਇਸ ਦੌਰਾਨ ਪੁਰਾਣੀ ਬੈਰਕ ਨੰਬਰ 8 ਦੀ ਤਲਾਸ਼ੀ ਲੈਣ ‘ਤੇ ਇਕ ਮੋਬਾਈਲ ਮਿਲਿਆ। ਇਸ ਤੋਂ ਇਲਾਵਾ ਟਾਵਰ ਨੰਬਰ 8 ਨੇੜੇ 5 ਪੈਕਟ ਮਿਲੇ ਹਨ। ਇਸ ਵਿੱਚ 6 ਪੇਟੀਆਂ ਸਿਗਰਟਾਂ, 19 ਬੰਡਲ ਬੀੜੀਆਂ, 10 ਬੋਰੀਆਂ ਤੰਬਾਕੂ ਬਰਾਮਦ ਹੋਇਆ।