ਚੰਡੀਗੜ੍ਹ, 16 ਜੁਲਾਈ 2022 – ਪੰਜਾਬ ਦੇ ਪਠਾਨਕੋਟ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੇ ਫਰਜ਼ੀ ਬੈਂਕ ਖਾਤੇ ਖੋਲ੍ਹਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਹ ਲੋਕ ਫਰਜ਼ੀ ਬੈਂਕ ਖਾਤਿਆਂ ਦਾ ਗਰੋਹ ਚਲਾ ਰਹੇ ਸਨ। ਜੋ ਇਹਨਾਂ ਖਾਤਿਆਂ ਨੂੰ ਬੇਨਾਮੀ, ਧੋਖਾਧੜੀ ਜਾਂ ਫਿਰੌਤੀ ਲਈ ਅੱਗੇ ਵੇਚ ਦਿੰਦੇ ਸੀ।
ਗੈਂਗ ਦੇ ਮੁਖੀ ਦਾ ਚਿਹਰਾ ਕੈਨੇਡਾ ਬੈਠੇ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਨਾਲ ਮਿਲਦਾ ਹੈ। ਫੜੇ ਗਏ ਮੁਲਜ਼ਮ ਮੁਨੀਸ਼ ਅਤੇ ਅਨੂਪ ਸ਼ਰਮਾ ਫਿਰੋਜ਼ਪੁਰ ਕਲਾਂ ਸੁਜਾਨਪੁਰ ਦੇ ਰਹਿਣ ਵਾਲੇ ਹਨ। ਉਸ ਦਾ ਜੀਜਾ ਗੈਂਗ ਦਾ ਸਰਗਨਾ ਹੈ, ਜੋ ਅਜੇ ਫਰਾਰ ਹੈ।
ਫੜੇ ਗਏ ਮੁਲਜ਼ਮਾਂ ਤੋਂ ਪਤਾ ਲੱਗਾ ਕਿ ਫਰਜ਼ੀ ਬੈਂਕ ਖਾਤੇ ਬਣਾ ਕੇ ਚੰਗੀ ਰਕਮ ਮਿਲਦੀ ਸੀ। ਇਸ ਕਾਰਨ ਉਸ ਨੇ ਇਸ ਨੂੰ ਵੇਚਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਜੀਰਾ ਫਿਰੋਜ਼ਪੁਰ ਦਾ ਰਹਿਣ ਵਾਲਾ ਜੀਜਾ ਇਹ ਕੰਮ ਕਰਦਾ ਸੀ। ਬਾਅਦ ਵਿੱਚ ਕਮਾਈ ਵੇਖ ਕੇ ਉਸ ਨੇ ਆਪਣੇ ਸਾਲੇ ਵੀ ਨਾਲ ਮਿਲਾ ਲਏ। ਫ਼ਿਰੋਜ਼ਪੁਰ ਤੋਂ ਬਾਅਦ ਉਸ ਨੇ ਹੋਰ ਸ਼ਹਿਰਾਂ ਵਿੱਚ ਵੀ ਖਾਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ। ਪੁਲਿਸ ਇਸ ਸਭ ਦੀ ਭਾਲ ਕਰ ਰਹੀ ਹੈ।

ਕੁਝ ਦਿਨ ਪਹਿਲਾਂ ਪਠਾਨਕੋਟ ਦੇ ਢਾਂਗੂ ਰੋਡ ‘ਤੇ ਸਥਿਤ ਬੈਂਕ ‘ਚ ਇਕ ਵਿਅਕਤੀ ਪਹੁੰਚਿਆ ਸੀ। ਉਸ ਨੇ ਬੈਂਕ ਖਾਤਾ ਖੋਲ੍ਹਣ ਲਈ ਦਸਤਾਵੇਜ਼ ਦਿੱਤੇ। ਇਸ ਵਿੱਚ ਰਾਜਸਥਾਨ ਦੇ ਇੱਕ ਵਿਅਕਤੀ ਦਾ ਨਾਮ ਸੀ। ਇਸ ਦੇ ਨਾਲ ਹੀ ਆਧਾਰ ਕਾਰਡ ‘ਤੇ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ਲੱਗੀ ਹੋਈ ਸੀ। ਦੋਸ਼ੀ ਜੀਜਾ ਦਾ ਚਿਹਰਾ ਗੋਲਡੀ ਨਾਲ ਮਿਲਦਾ-ਜੁਲਦਾ ਹੈ। ਉਂਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਕਾਰਨ ਗੋਲਡੀ ਦੀ ਫੋਟੋ ਨੂੰ ਹਰ ਕੋਈ ਜਾਣਦਾ ਸੀ। ਜਿਸ ਕਾਰਨ ਬੈਂਕ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਹਾਲਾਂਕਿ ਦੋਸ਼ੀ ਉਥੋਂ ਫਰਾਰ ਹੋ ਗਿਆ।
