- 2 ਮਈ ਨੂੰ ਗਈਆਂ ਸੀ ਸ਼ਾਰਜਾਹ,
- ਪਰਿਵਾਰ ਨੇ ਸਰਕਾਰ ਨੂੰ ਲੱਭਣ ਦੀ ਕੀਤੀ ਅਪੀਲ
ਅੰਮ੍ਰਿਤਸਰ, 23 ਜੁਲਾਈ 2023 – ਯੂਏਈ ਵਿੱਚ ਪੰਜਾਬ ਦੀਆਂ 2 ਹੋਰ ਲੜਕੀਆਂ ਲਾਪਤਾ ਹੋ ਗਈਆਂ ਹਨ। ਇੰਨਾ ਹੀ ਨਹੀਂ ਲੜਕੀਆਂ ਦੇ ਮਾਪਿਆਂ ਦਾ ਵੀ ਪਿਛਲੇ ਇੱਕ ਹਫ਼ਤੇ ਤੋਂ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਹ ਜਾਣਕਾਰੀ ਦਿੱਤੀ ਹੈ ਅਤੇ ਆਬੂ ਧਾਬੀ ਵਿੱਚ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਲੜਕੀਆਂ ਦੀ ਜਾਣਕਾਰੀ ਸਾਂਝੀ ਕਰਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਦੋਵੇਂ ਲੜਕੀਆਂ ਦੀ ਪਛਾਣ ਮਨਪ੍ਰੀਤ ਕੌਰ (25) ਅਤੇ ਹਰਪ੍ਰੀਤ ਕੌਰ (21) ਵਜੋਂ ਹੋਈ ਹੈ। ਇਹ ਦੋਵੇਂ ਲੜਕੀਆਂ 2 ਮਈ 2023 ਨੂੰ ਕੰਮ ਲਈ ਯੂਏਈ ਦੇ ਸ਼ਾਰਜਾਹ ਗਈਆਂ ਸਨ। ਕਰੀਬ ਡੇਢ ਮਹੀਨੇ ਤੋਂ ਦੋਵੇਂ ਲੜਕੀਆਂ ਆਪਣੇ ਪਰਿਵਾਰਾਂ ਨਾਲ ਗੱਲਬਾਤ ਕਰ ਰਹੀਆਂ ਸਨ ਪਰ ਪਿਛਲੇ ਇਕ ਹਫਤੇ ਤੋਂ ਉਨ੍ਹਾਂ ਦਾ ਫੋਨ ‘ਤੇ ਕੋਈ ਸੰਪਰਕ ਨਹੀਂ ਹੋ ਰਿਹਾ, ਜਿਸ ਕਾਰਨ ਪਰਿਵਾਰ ਚਿੰਤਾ ‘ਚ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਲੜਕੀਆਂ 2 ਮਈ ਨੂੰ ਯੂਏਈ ਪਹੁੰਚੀਆਂ ਸਨ। ਦੋਵਾਂ ਕੋਲ ਟੂਰਿਸਟ ਵੀਜ਼ਾ ਸੀ, ਜੋ ਸਿਰਫ਼ ਇੱਕ ਮਹੀਨੇ ਲਈ ਵੈਧ ਸੀ। ਇਨ੍ਹਾਂ ਕੁੜੀਆਂ ਨੂੰ 2 ਜੂਨ ਤੱਕ ਵਾਪਸ ਆਉਣਾ ਚਾਹੀਦਾ ਸੀ। ਪਰਿਵਾਰ ਨੂੰ ਖਦਸ਼ਾ ਹੈ ਕਿ ਇਹ ਦੋਵੇਂ ਲੜਕੀਆਂ ਗਲਤ ਹੱਥਾਂ ‘ਚ ਗਈਆਂ ਹੋ ਸਕਦੀਆਂ ਹਨ।
ਦੁਬਈ ਵਿੱਚ ਲਾਪਤਾ ਹੋਣ ਜਾਂ ਅਗਵਾ ਹੋਣ ਵਾਲੀਆਂ ਇਹ ਪਹਿਲੀਆਂ ਕੁੜੀਆਂ ਨਹੀਂ ਹਨ। ਪੰਜਾਬ ਦੇ ਗਲਤ ਏਜੰਟਾਂ ਦੀ ਆੜ ਵਿੱਚ ਕਈ ਮੁਟਿਆਰਾਂ ਅਤੇ ਨੌਜਵਾਨ ਦੁਬਈ ਪਹੁੰਚ ਜਾਂਦੇ ਹਨ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ। ਹਾਲ ਹੀ ਵਿੱਚ ਕੁਲਦੀਪ ਧਾਰੀਵਾਲ ਨੇ ਦੁਬਈ ਤੋਂ ਇੱਕ ਲੜਕੀ ਨੂੰ ਛੁਡਵਾਇਆ ਅਤੇ ਪਰਿਵਾਰ ਨਾਲ ਮਿਲਾਇਆ ਸੀ।