ਲੁਧਿਆਣਾ, 11 ਨਵੰਬਰ 2023 – ਜੀਆਰਪੀ ਪੁਲਿਸ ਨੇ ਸ਼ਨੀਵਾਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਗਸ਼ਤ ਦੌਰਾਨ ਦੋ ਸੋਨਾ ਤਸਕਰਾਂ ਨੂੰ ਕਾਬੂ ਕੀਤਾ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਟਾਟਾ ਮੁਰੀ ਐਕਸਪ੍ਰੈਸ ਗੱਡੀ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਉਤਰੇ ਸਨ। ਪੁਲਿਸ ਚੈਕਿੰਗ ਦੌਰਾਨ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਫੜੇ ਗਏ।
ਜਦੋਂ ਨੌਜਵਾਨ ਕੋਲੋਂ ਬਰਾਮਦ ਹੋਏ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਸੋਨਾ ਬਰਾਮਦ ਹੋਇਆ। ਨੌਜਵਾਨਾਂ ਕੋਲੋਂ 2 ਕਿਲੋ 107 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਫੜੇ ਗਏ ਨੌਜਵਾਨਾਂ ਦੇ ਨਾਂ ਅਮਰਜੋਤ ਅਤੇ ਅਮਰੀਕ ਹਨ। ਇੰਸਪੈਕਟਰ ਜਤਿੰਦਰ ਸਿੰਘ ਅਨੁਸਾਰ ਦੋਵਾਂ ਨੌਜਵਾਨਾਂ ਨੇ ਮੰਨਿਆ ਕਿ ਉਹ ਇਲਾਹਾਬਾਦ ਤੋਂ ਸੋਨਾ ਲਿਆ ਕੇ ਲੁਧਿਆਣਾ ਅਤੇ ਅੰਮ੍ਰਿਤਸਰ ਸਪਲਾਈ ਕਰਨ ਜਾ ਰਹੇ ਸਨ।
ਸੂਤਰਾਂ ਅਨੁਸਾਰ ਇਹ ਸੋਨਾ ਸਰਾਫਾ ਬਾਜ਼ਾਰ ਵਿੱਚ ਕਿਸੇ ਕਾਰੋਬਾਰੀ ਨੂੰ ਸਪਲਾਈ ਕੀਤਾ ਜਾਣਾ ਸੀ। ਦੋਵਾਂ ਨੌਜਵਾਨਾਂ ਦੇ ਪਿਛਲੇ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਉਨ੍ਹਾਂ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜਿਨ੍ਹਾਂ ਨੂੰ ਸੋਨਾ ਡਿਲੀਵਰ ਕਰਨਾ ਸੀ। ਫਿਲਹਾਲ ਬਰਾਮਦ ਕੀਤੇ ਗਏ ਸੋਨੇ ਦੀ ਕੀਮਤ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਐਕਸਾਈਜ਼ ਦਾ ਹੋਣ ਕਾਰਨ ਆਬਕਾਰੀ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਸੋਨਾ ਅਤੇ ਦੋਵੇਂ ਵਿਅਕਤੀਆਂ ਨੂੰ ਸੌਂਪ ਦਿੱਤਾ ਗਿਆ ਹੈ। ਦੂਜੇ ਪਾਸੇ ਆਬਕਾਰੀ ਅਧਿਕਾਰੀਆਂ ਮੁਤਾਬਕ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇਹ ਪਤਾ ਲਗਾਇਆ ਜਾਵੇਗਾ ਕਿ ਤਸਕਰ ਇਲਾਹਾਬਾਦ ਤੋਂ ਇਹ ਸੋਨਾ ਕਿਸ ਤੋਂ ਲੈ ਕੇ ਆਏ ਹਨ। ਦੋਵਾਂ ਦੇ ਮੋਬਾਈਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ।