ਤਰਨਤਾਰਨ, 31 ਅਕਤੂਬਰ 2024 – ਮਹਿਲਾ ਟ੍ਰੇਨਰ ਨੂੰ ਲੈ 2 ਜਿਮ ਮਾਲਕਾਂ ’ਚ ਹੋਏ ਤਕਰਾਰ ਦੌਰਾਨ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਜਿਮ ਦਾ ਕੋਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਖੇ ਜ਼ੇਰੇ ਇਲਾਜ ਦਾਖ਼ਲ ਕਰਵਾ ਦਿੱਤਾ ਗਿਆ ਹੈ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਡੀ.ਐੱਸ.ਪੀ. ਸਿਟੀ ਕਮਲਮੀਤ ਸਿੰਘ ਅਤੇ ਥਾਣਾ ਸਿਟੀ ਮੁਖੀ ਹਰਜਿੰਦਰ ਸਿੰਘ ਸਣੇ ਪੁਲਸ ਪਾਰਟੀ ਮੌਕੇ ’ਤੇ ਪੁੱਜੀ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਮਨਜੀਤ ਸਿੰਘ ਉਰਫ ਅਮਰ ਸਿੰਘ ਵਾਸੀ ਨੂਰਦੀ ਅੱਡਾ ਤਰਨਤਾਰਨ ਨੇ ਦੱਸਿਆ ਕਿ ਉਹ ਇਕਬਾਲ ਐਵੀਨਿਊ ਸਾਹਮਣੇ ਸਤਿਕਾਰ ਪੈਲਸ ਵਿਖੇ ਡਾਇਮੰਡ ਜਿਮ ਦਾ ਮਾਲਕ ਹੈ, ਜਿਸ ਵਿਚ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਭੁਪਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਤਰਨਤਰਨ ਨੂੰ ਬਤੌਰ ਟ੍ਰੇਨਰ ਰੱਖਿਆ ਹੋਇਆ ਹੈ।
ਜਦੋਂ ਉਹ ਜਿਮ ਦੇ ਦਫਤਰ ਵਿਚ ਮੌਜੂਦ ਸੀ ਤਾਂ ਕਿਸੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਕਿਹਾ ਕਿ ਮੈਂ ਬਹਾਦਰ ਬੋਲਦਾ ਹਾਂ, ਬਾਹਰ ਆ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਹੈ, ਜਿਸ ’ਤੇ ਮੈਂ ਸਮੇਤ ਆਪਣੇ ਟ੍ਰੇਨਰ ਲਵਪ੍ਰੀਤ ਸਿੰਘ ਆਪਣੇ ਭਰਾ ਦਿਲਬਾਗ ਸਿੰਘ ਅਤੇ ਕੁਲਜਿੰਦਰ ਸਿੰਘ ਜਿਮ ਤੋਂ ਬਾਹਰ ਆਏ ਤਾਂ ਪੱਕੀ ਸੜਕ ਕੋਲ ਚਾਰ ਮੁੰਡੇ ਮੌਜੂਦ ਸਨ, ਜਿਨ੍ਹਾਂ ਵਿਚੋਂ ਗੁਰਵਿੰਦਰ ਸਿੰਘ ਉਰਫ ਗਿੰਦਰ ਪੁੱਤਰ ਬਲਵੰਤ ਸਿੰਘ ਵਾਸੀ ਅਲਾਦੀਨਪੁਰ, ਹਰਦੀਪ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਗਲੀ ਬਾਗੀ ਵਾਲੀ ਸੱਚਖੰਡ ਰੋਡ ਤਰਨਤਤਰਨ, ਜਿਨ੍ਹਾਂ ਨੂੰ ਉਹ ਜਾਣਦਾ ਸੀ, ਜਿਨ੍ਹਾਂ ਨਾਲ ਦੋ ਅਣਪਛਾਤੇ ਵਿਅਕਤੀ ਵੀ ਮੌਜੂਦ ਸਨ। ਇਸ ਦੌਰਾਨ ਜਦੋਂ ਉਹ ਇਨ੍ਹਾਂ ਵਿਅਕਤੀਆਂ ਨਾਲ ਗੱਲ ਕਰ ਰਿਹਾ ਸੀ ਤਾਂ ਅਚਾਨਕ ਦੋ ਗੱਡੀਆਂ ਵਿਚ ਜਗਜੀਤ ਸਿੰਘ ਉਰਫ ਜੱਗੂ ਪੁੱਤਰ ਦਰਸ਼ਨ ਸਿੰਘ, ਕਵਲਜੀਤ ਸਿੰਘ ਉਰਫ ਬਹਾਦਰ ਪੁੱਤਰ ਦਰਸ਼ਨ ਸਿੰਘ, ਹਰਪ੍ਰੀਤ ਸਿੰਘ ਉਰਫ ਖੰਨਾ ਪੁੱਤਰ ਹਰਦੀਪ ਸਿੰਘ ਵਾਸੀਆਨ ਮਾਣੋ ਚਾਹਲ ਅਤੇ ਸਤਬੀਰ ਸਿੰਘ ਉਰਫ ਰਵੀ ਪੁੱਤਰ ਸੁਖਰਾਜ ਸਿੰਘ ਵਾਸੀ ਵਲੀਪੁਰ ਜੋ ਹਰਕੂਲੋਜ ਜਿਮ ਨਜ਼ਦੀਕ ਸਤਿਕਾਰ ਪੈਲਸ ਦਾ ਮਾਲਕ ਹੈ ਸਵਾਰ ਸਨ।
ਜਦੋਂ ਉਹ ਗੱਲ ਕਰ ਰਿਹਾ ਸੀ ਤਾਂ ਇਸ ਦੌਰਾਨ ਜਗਜੀਤ ਸਿੰਘ ਉਰਫ ਜੱਗੂ ਵਾਸੀ ਮਾਣੋਚਾਹਲ ਨੇ ਉਸ ਨੂੰ ਚਪੇੜ ਮਾਰ ਦਿੱਤੀ। ਇਸ ਦੌਰਾਨ ਉਹ ਦੋਵੇਂ ਆਪਸ ਵਿਚ ਹੱਥੋਪਾਈ ਹੋ ਗਏ। ਜਿਸ ਤੋਂ ਬਾਅਦ ਗੁਰਵਿੰਦਰ ਸਿੰਘ ਉਰਫ ਗਿੰਦਰ, ਕਵਲਜੀਤ ਸਿੰਘ ਉਰਫ ਬਹਾਦਰ ,ਜਗਜੀਤ ਸਿੰਘ ਉਰਫ ਜੱਗੂ ਅਤੇ ਖੰਨਾ ਨੇ ਆਪਣੇ ਆਪਣੇ ਪਿਸਤੌਲਾਂ ਨਾਲ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਚੱਲਦਿਆਂ ਇਕ ਫਾਇਰ ਉਸਦੇ ਟ੍ਰੇਨਰ ਲਵਪ੍ਰੀਤ ਸਿੰਘ ਦੇ ਸੱਜੇ ਪੈਰ ਦੇ ਉਪਰ ਜਾ ਲੱਗਾ। ਫਾਇਰਿੰਗ ਕਰਨ ਤੋਂ ਬਾਅਦ ਉਕਤ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜਿਮ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਹਮਲੇ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਸਾਨੀਆ ਨਾਮ ਦੀ ਕੁੜੀ ਜੋ ਪਹਿਲਾਂ ਹਰਕੂਲੋਜ ਜਿਮ ਵਿਚ ਬਤੌਰ ਟ੍ਰੇਨਰ ਕੰਮ ਕਰਦੀ ਸੀ ਅਤੇ ਬਾਅਦ ਵਿਚ ਉਨ੍ਹਾਂ ਦੇ ਜਿਮ ਵਿਚ ਕੰਮ ਕਰਨ ਲੱਗ ਪਈ। ਇਸ ਨੂੰ ਵੇਖਦੇ ਹੋਏ ਹਰਕੂਲੋਜ ਜਿਮ ਦੇ ਮਾਲਕ ਸਤਬੀਰ ਸਿੰਘ ਉਰਫ ਰਵੀ ਨੇ ਇਸ ਗੱਲ ਦਾ ਬੁਰਾ ਮਨਾਇਆ। ਜਿਸ ਤੋਂ ਬਾਅਦ ਉਸਨੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਰੰਜਿਸ਼ ਨੂੰ ਲੈ ਕੇ ਹਮਲਾ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਦੇ ਬਿਆਨਾਂ ਹੇਠ ਜਗਜੀਤ ਸਿੰਘ ਉਰਫ ਜੱਗੂ, ਕਵਲਜੀਤ ਸਿੰਘ ਉਰਫ ਬਹਾਦਰ, ਹਰਪ੍ਰੀਤ ਸਿੰਘ ਉਰਫ ਖੰਨਾ ਵਾਸੀ ਮਾਨੋਚਾਹਲ, ਗੁਰਵਿੰਦਰ ਸਿੰਘ ਉਰਫ ਗਿੰਦਰ ਵਾਸੀ ਅਲਾਦੀਨਪੁਰ, ਹਰਦੀਪ ਸਿੰਘ ਵਾਸੀ ਸੱਚਖੰਡ ਰੋਡ ਤਰਨਤਾਰਨ, ਅਤੇ ਸਤਬੀਰ ਸਿੰਘ ਉਰਫ ਰਵੀ ਜਿਮ ਮਾਲਕ ਖਿਲਾਫ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।