ਜ਼ੀਰਕਪੁਰ, 30 ਜੁਲਾਈ 2022 – ਮੋਹਾਲੀ ਪੁਲਿਸ ਵੱਲੋਂ 2 ਹੋਰ ਗੈਂਗਸਟਰਾਂ ਨੂੰ ਫੜਨ ‘ਚ ਸਫਲਤਾ ਹਾਸਿਲ ਕੀਤੀ ਗਈ ਹੈ ਆਏ ਉਹਨਾਂ ਕੋਲੋਂ 2 ਪਿਸਟਲ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸੰਬੰਧੀ ਅਸ਼ਵਨੀ ਕਪੂਰ ਆਈ.ਪੀ.ਐਸ., ਏ.ਆਈ.ਜੀ., ਐਸ.ਐਸ.ਓ.ਸੀ., ਐਸ.ਏ.ਐਸ. ਨਗਰ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ ਪਿਛਲੇ ਕੁੱਝ ਦਿਨ ਪਹਿਲਾਂ ਇਹ ਇਤਲਾਹ ਮਿਲੀ ਸੀ ਕਿ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ (ਪਿੰਡ ਡਾਲਾ, ਜਿਲ੍ਹਾ ਮੋਗਾ, ਹਾਲ ਵਾਸੀ ਕਨੇਡਾ) ਅਤੇ ਗੁਰਜੰਟ ਸਿੰਘ ਉਰਫ ਜੰਟਾ (ਪਿੰਡ ਸੁਹਾਵੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਹਾਲ ਵਾਸੀ ਅਸਟ੍ਰੇਲੀਆ) ਜੋ ਇਹ ਦੋਨੋ ਵਿਦੇਸ਼ਾਂ ਵਿੱਚ ਬੈਠ ਕੇ ਮਾੜੀ ਗਤੀਵਿਧੀਆਂ ਵਿੱਚ ਸਰਗਰਮ ਹਨ ਤੇ ISI ਦੇ ਸੰਪਰਕ ਵਿੱਚ ਜੁੜ ਕੇ ਭਾਰਤ ਵਿੱਚ ਆਪਣੇ ਸਾਥੀਆਂ ਨੂੰ ਅਸਲਾ ਐਮੂਨੀਸ਼ਨ ਸਪਲਾਈ ਕਰਵਾ ਚੁੱਕੇ ਹਨ ਅਤੇ ਪੰਜਾਬ ਵਿੱਚ ਰਸੂਖਦਾਰ ਲੋਕਾਂ ਦੀ ਰੈਕੀ ਕਰਵਾ ਕੇ ਫਿਰੌਤੀਆਂ ਵਸੂਲ ਰਹੇ ਹਨ।
ਇਸ ਤੋਂ ਇਲਾਵਾ ISI ਦੇ ਏਜੰਟਾਂ ਨਾਲ ਰਲ ਕੇ ਪੰਜਾਬ ਵਿੱਚ ਫਿਰਕੂ ਤਨਾਅ ਪੈਦਾ ਕਰਨ ਦੀ ਨਿਅਤ ਨਾਲ ਹਿੰਦੂ ਜੱਥੇਬੰਦੀਆਂ ਦੇ ਲੀਡਰਾਂ, ਰਾਜਨੀਤਿਕ ਲੀਡਰਾਂ ਨੂੰ ਟਾਰਗੇਟ ਕਰਨ ਦੀ ਫਿਰਾਕ ਵਿੱਚ ਹਨ।
ਜਿਸ ਨਾਲ ਪੰਜਾਬ ਵਿੱਚ ਦੰਗੇ- ਫਸਾਦ ਅਤੇ ਅਮਨ ਸ਼ਾਂਤੀ ਭੰਗ ਹੋ ਸਕਦੀ ਹੈ। ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ ਮੁਕੱਦਮਾ ਨੰਬਰ 04, ਮਿਤੀ 15-07-2022, ਅ/ਧ 384, 153, 153-ਅ 120B IPC ਅਤੇ 25-54-59 ਅਸਲਾ ਐਕਟ ਥਾਣਾ ਐਸ ਐਸ ਓ ਸੀ ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਹੈ।
ਅੱਜ ਇਸ ਮੁਕੱਦਮੇ ਦੀ ਤਫਤੀਸ਼ ਵਿੱਚ ਇਹਨਾਂ ਦੇ ਦੋ ਸਾਥੀਆਂ ਸੁਮਿਤ ਕੁਮਾਰ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਗੋਪਾਲਪੁਰ, ਥਾਣਾ ਖਰਖੋਦਾ, ਜ਼ਿਲ੍ਹਾ ਸੋਨੀਪਤ, ਹਰਿਆਣਾ ਅਤੇ ਸ਼ਾਹਰੁਖ ਖਾਨ ਪੁੱਤਰ ਅਲੀ ਹਸਨ ਵਾਸੀ ਪਿੰਡ ਜੱਸਰ ਸੁਲਤਾਨ ਨਗਰ, ਜ਼ਿਲ੍ਹਾ ਮੇਰਠ, ਯੂ.ਪੀ. ਨੂੰ ਐਸ.ਐਸ.ਓ.ਸੀ., ਐਸ.ਏ.ਐਸ. ਨਗਰ ਦੀ ਟੀਮ ਨੇ ਏਅਰਪੋਰਟ ਰੋਡ ਛੱਤ ਚੌਕ ਲਾਇਟਾਂ ਤੋਂ ਗ੍ਰਿਫਤਾਰ ਕੀਤਾ ਹੈ ਜੋ ਇਹਨਾਂ ਦੋਨਾਂ ਪਾਸੋਂ 2 ਪਿਸਤੌਲ ਸਮੇਤ 7 ਕਾਰਤੂਸ ਬ੍ਰਾਮਦ ਹੋਏ ਹਨ।
ਇਹਨਾਂ ਨੇ ਆਪਣੀ ਪੁੱਛਗਿਛ ਦੌਰਾਨ ਦੱਸਿਆ ਕਿ ਅਸੀਂ ਫੇਸਬੁੱਕ ਤੋਂ ਅਰਸ਼ ਡਾਲਾ ਤੇ ਗੁਰਜੰਟ ਜੰਟਾ ਨਾਲ ਜੁੜੇ ਹੋਏ ਸੀ ਅਤੇ ਉਹਨਾਂ ਦੇ ਕਹਿਣ ਤੇ ਮੋਹਾਲੀ ਪਹੁੰਚ ਕੇ ਕਿਸੇ ਰਸੂਖਦਾਰ ਨੂੰ ਡਰਾਓਣ ਧਮਕਾਓਣ ਲਈ ਇਹਨਾਂ ਨੂੰ ਭੇਜਿਆ ਗਿਆ ਸੀ। ਇਹਨਾਂ ਨੇ ਮੋਹਾਲੀ ਪੀ.ਸੀ.ਏ. ਦੀਆਂ ਲਾਇਟਾਂ ਕੋਲ ਪਹੁੰਚਣ ਲਈ ਅਰਸ਼ ਡਾਲਾ ਦੁਆਰਾਂ ਦੱਸੀ ਲੋਕੇਸ਼ਨ ਤੇ ਪਹੁੰਚਣਾ ਸੀ। ਫਿਰ ਅਗਲੇ ਟਾਰਗੇਟ ਦੇ ਬਾਰੇ ਇਹਨਾਂ ਨੂੰ ਦੱਸਿਆ ਜਾਣਾ ਸੀ। ਇਸ ਤਰ੍ਹਾਂ ਇਹਨਾਂ ਦੇ ਫੜੇ ਜਾਣ ਨਾਲ ਇੱਕ ਵੱਡੀ ਵਾਰਦਾਤ ਹੋਣ ਤੋਂ ਟਲ ਗਈ।ਦੋਸ਼ੀਆਂ ਨੂੰ ਪੇਸ਼ ਅਦਾਲਤ ਕੀਤਾ ਗਿਆ। ਅਦਾਲਤ ਵਲੋਂ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ।