ਚੰਡੀਗੜ੍ਹ, 25 ਮਈ 2022 – ਮੁੱਖ ਮੰਤਰੀ ਭਗਵੰਤ ਮਾਨ ਨੂੰ ਡਾਕਟਰ ਵਿਜੇ ਸਿੰਗਲਾ ਖਿਲਾਫ ਸ਼ਿਕਾਇਤ ਮਿਲੀ ਸੀ, ਉਦੋਂ ਤੋਂ ਹੀ ਉਨ੍ਹਾਂ ਦਾ ਵਿਭਾਗ ਨਿਗਰਾਨੀ ਹੇਠ ਸੀ। ਸਭ ਤੋਂ ਪਹਿਲਾਂ 21 ਅਪ੍ਰੈਲ ਤੋਂ 27 ਮਈ ਤੱਕ ਦੇ ਟੈਂਡਰਾਂ ਦੀ ਪੜਤਾਲ ਕੀਤੀ ਗਈ। ਸਿਹਤ ਵਿਭਾਗ ਵੱਲੋਂ ਇਸ ਦੌਰਾਨ 51 ਟੈਂਡਰ ਜਾਰੀ ਕੀਤੇ ਜਾਣੇ ਸਨ। 8-10 ਨੂੰ ਛੱਡ ਕੇ ਬਾਕੀਆਂ ਨੂੰ ਜਾਰੀ ਕਰ ਦਿੱਤਾ ਗਿਆ ਸੀ। ਹੁਣ ਸਾਰਿਆਂ ਦੀ ਜਾਂਚ ਹੋਵੇਗੀ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਰਡਾਰ ‘ਤੇ ਦੋ ਹੋਰ ਮੰਤਰੀ ਹਨ। ਇਨ੍ਹਾਂ ਵਿੱਚੋਂ ਇੱਕ ਮਾਝੇ ਦਾ ਅਤੇ ਦੂਜਾ ਦੁਆਬੇ ਦਾ ਹੈ। ਸਿੰਗਲਾ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ। ਸਬੂਤ ਮਿਲਣ ਤੋਂ ਬਾਅਦ ਸੀਐਮ ਦੇ ਭਰੋਸੇਮੰਦ ਅਧਿਕਾਰੀ ਸਿੰਗਲਾ ਦੇ ਕੰਮ ‘ਤੇ ਨਜ਼ਰ ਰੱਖ ਰਹੇ ਸਨ।
ਟੈਂਡਰਾਂ ਸਬੰਧੀ ਜਾਣਕਾਰੀ ਮੁੱਖ ਮੰਤਰੀ ਨੂੰ ਸੱਤ ਦਿਨ ਪਹਿਲਾਂ ਦਿੱਤੀ ਗਈ ਸੀ। ਸਿੰਗਲਾ ਦੇ ਨਜ਼ਦੀਕੀ ਕਿਸ ਕੰਪਨੀ ਜਾਂ ਫਰਮ ਦੇ ਲੋਕਾਂ ਨੂੰ ਕੌਣ ਮਿਲ ਰਹੇ ਹਨ, ਇਸ ਬਾਰੇ ਵੀ ਰਿਪੋਰਟ ਤਿਆਰ ਕੀਤੀ ਗਈ ਸੀ। ਕੰਪਨੀ ਦੇ ਅਫਸਰਾਂ ਤੋਂ ਪਹਿਲਾਂ ਸਿੰਗਲਾ ਦੇ ਕਰੀਬੀ ਦੋਸਤ ਮਿਲਦੇ ਸਨ, ਬਾਅਦ ਵਿੱਚ ਸਿੰਗਲਾ ਨੂੰ ਮਿਲਦੇ ਸਨ। ਟੀਮ ਨੇ 13 ਵਿਅਕਤੀਆਂ ਦੀ ਪਛਾਣ ਕੀਤੀ ਹੈ, ਜੋ ਸਿੰਗਲਾ ਦੇ ਸਾਥੀ ਸਨ। ਇਨ੍ਹਾਂ ਵਿਚ ਉਸ ਦੇ ਦੋਸਤ, ਰਿਸ਼ਤੇਦਾਰ ਅਤੇ ਕੁਝ ਡਾਕਟਰ ਵੀ ਸ਼ਾਮਲ ਹਨ। ਪੂਰੀ ਜਾਂਚ ਨੂੰ ਏਨਾ ਗੁਪਤ ਰੱਖਿਆ ਗਿਆ ਸੀ ਕਿ ਕਾਰਵਾਈ ਤੋਂ ਤਿੰਨ ਮਿੰਟ ਪਹਿਲਾਂ ਹੀ ਦੋ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ।
ਲੈਬਾਰਟਰੀ ਸਾਜ਼ੋ-ਸਾਮਾਨ, ਦੰਦਾਂ ਦੀ ਸਮੱਗਰੀ, ਮਾਈਕ੍ਰੋਸਕੋਪ, ਕੈਂਸਰ ਦੇ ਇਲਾਜ ਨਾਲ ਸਬੰਧਤ, ਡੈਸਕਟਾਪ, ਪ੍ਰਿੰਟਰ, ਐਂਟੀਬਾਇਓਟਿਕਸ ਅਤੇ ਮੈਡੀਕਲ ਉਪਕਰਣਾਂ ਦੇ ਟੈਂਡਰ ਵਿੱਚ ਕਮਿਸ਼ਨ ਤੈਅ ਕੀਤਾ ਗਿਆ ਸੀ। ਸਰਕਾਰ ਨੇ ਟੈਂਡਰ ਨਾਲ ਸਬੰਧਤ ਸਾਰਾ ਰਿਕਾਰਡ ਵੀ ਜ਼ਬਤ ਕਰ ਲਿਆ ਹੈ। ਇਨ੍ਹਾਂ ਵਿੱਚ ਮੁਹੱਲਾ ਕਲੀਨਿਕਾਂ ਅਤੇ ਹੋਰ ਕੰਮਾਂ ਲਈ 1015 ਲੈਪਟਾਪ, 500 ਡੈਸਕਟਾਪ, 1450 ਪ੍ਰਿੰਟਰ ਆਦਿ ਖਰੀਦਣ ਦਾ 20-25 ਕਰੋੜ ਰੁਪਏ ਦਾ ਟੈਂਡਰ ਵੀ ਹੈ। ਇਸ ਦੇ ਨਾਲ ਹੀ ਕਾਰਵਾਈ ਕਰਨ ਤੋਂ 24 ਘੰਟੇ ਪਹਿਲਾਂ ਸੀਐਮ ਨੇ ਅਰਵਿੰਦ ਕੇਜਰੀਵਾਲ ਨਾਲ ਗੱਲ ਕੀਤੀ।