- 3 ਗੰਭੀਰ ਜ਼ਖਮੀ
ਗੁਰਦਾਸਪੁਰ, 21 ਜੁਲਾਈ 2023 – ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਰੋਡ ‘ਤੇ ਦੋ ਮੋਟਰ ਸਾਈਕਲ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਦੋ ਬਾਈਕ ਸਵਾਰਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 3 ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਾਦਸੇ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 4 ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਬਟਾਲਾ ਵੱਲ ਜਾ ਰਹੇ ਸਨ। ਜਦੋਂ ਉਹ ਦਾਣਾ ਮੰਡੀ ਨੇੜੇ ਪੁੱਜੇ ਤਾਂ ਬਟਾਲਾ ਵੱਲੋਂ ਗਲਤ ਦਿਸ਼ਾ ਤੋਂ ਆ ਰਹੇ ਇੱਕ ਮੋਟਰਸਾਈਕਲ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ‘ਤੇ ਦੋ ਨੌਜਵਾਨ ਸਵਾਰ ਸਨ। ਹਾਦਸੇ ‘ਚ ਵਾਰਡ ਨੰਬਰ 10 ਨਿਵਾਸੀ ਪ੍ਰਦੀਪ ਸ਼ਰਮਾ ਪੁੱਤਰ ਸਾਜਨ ਸ਼ਰਮਾ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਨਿੱਕੂ ਪੁੱਤਰ ਮਹਿੰਦਰਪਾਲ, ਵਿਸ਼ਾਲ ਪੁੱਤਰ ਸੁੱਚਾ ਸਿੰਘ ਅਤੇ ਅੰਸ਼ੂ ਪੁੱਤਰ ਪਵਨ ਕੁਮਾਰ ਵਾਸੀ ਵਾਰਡ 10 ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ 108 ਐਂਬੂਲੈਂਸ ਨੇ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਬਟਾਲਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਮ੍ਰਿਤਕ ਅਤੇ ਜ਼ਖਮੀ ਨੌਜਵਾਨਾਂ ਦੀ ਉਮਰ 18 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ।

