- ਪਾਕਿਸਤਾਨ ਤੋਂ ਮੰਗਵਾਈ ਗਈ ਸੀ ਡਰੋਨ ਰਾਹੀਂ ਸਪਲਾਈ
ਗੁਰਦਾਸਪੁਰ, 28 ਜੁਲਾਈ 2024 – ਸਪੈਸ਼ਲ ਟਾਸਕ ਫੋਰਸ ਅਤੇ ਸੀਮਾ ਸੁਰੱਖਿਆ ਬਲ ਨੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਾਂਝੀ ਕਾਰਵਾਈ ਕਰਦਿਆਂ ਪਾਕਿਸਤਾਨ ਤੋਂ ਭੇਜੀ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਸਮੇਤ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ।
ਫੜੇ ਗਏ ਮੁਲਜ਼ਮਾਂ ਵਿੱਚ ਜ਼ੋਰਾਬਰ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਥਾਣੇ ਅਧੀਨ ਪੈਂਦੇ ਪਿੰਡ ਰਸੂਲਪੁਰ ਦਾ ਵਸਨੀਕ ਹੈ ਅਤੇ ਉਸ ਦਾ ਸਾਥੀ ਜਰਮਨ ਸਿੰਘ ਪੁੱਤਰ ਜੋਗਿੰਦਰ ਸਿੰਘ ਥਾਣਾ ਡੇਰਾ ਬਾਬਾ ਨਾਨਕ ਦੇ ਪਿੰਡ ਅਗਵਾਨ ਦਾ ਵਸਨੀਕ ਹੈ।
ਫੜੇ ਗਏ ਸਮੱਗਲਰਾਂ ਕੋਲੋਂ 540 ਗ੍ਰਾਮ ਹੈਰੋਇਨ ਦਾ ਇੱਕ ਪੈਕਟ, ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ 5 ਕਾਰਤੂਸ ਬਰਾਮਦ ਹੋਏ ਹਨ। ਸੂਚਨਾ ਦੇ ਆਧਾਰ ‘ਤੇ ਐਸਟੀਐਫ ਅਤੇ ਬੀਐਸਐਫ ਦੀ ਟੀਮ ਨੇ ਪਿੰਡ ਰਸੂਲਪੁਰ ਵਿੱਚ ਜ਼ੋਰਾਵਰ ਸਿੰਘ ਦੇ ਘਰ ਛਾਪੇਮਾਰੀ ਦੌਰਾਨ ਇਹ ਸਮੱਗਰੀ ਬਰਾਮਦ ਕੀਤੀ। ਜ਼ੋਰਾਵਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਖੇਪ ਪਾਕਿਸਤਾਨ ਬੈਠੇ ਸਮੱਗਲਰਾਂ ਵੱਲੋਂ ਡਰੋਨ ਰਾਹੀਂ ਸਪਲਾਈ ਕੀਤੀ ਜਾਂਦੀ ਸੀ। ਜੋ ਕਿ ਉਸ ਨੇ ਪਿੰਡ ਅਗਵਾਨ ਦੇ ਆਪਣੇ ਦੋਸਤ ਜਰਮਨ ਸਿੰਘ ਨਾਲ ਮਿਲ ਕੇ 26 ਜੁਲਾਈ ਨੂੰ ਦੀਨਾਨਗਰ ਦੇ ਸਰਹੱਦੀ ਪਿੰਡ ਚੌਂਤਰਾ ਵਿੱਚ ਗੰਨੇ ਦੇ ਖੇਤ ਵਿੱਚੋਂ ਹਾਸਲ ਕੀਤਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਦੋਵਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ 25 ਜੁਲਾਈ ਨੂੰ ਪਿੰਡ ਅਗਵਾਨ ਦੇ ਇੱਕ ਖੇਤ ਵਿੱਚ ਡਿੱਗਿਆ ਡਰੋਨ ਮਿਲਿਆ ਸੀ। ਜਿਸ ਤੋਂ ਬਾਅਦ ਤਲਾਸ਼ੀ ਦੌਰਾਨ ਇਕ ਹੋਰ ਖੇਤ ‘ਚੋਂ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ। ਜਿਸ ਵਿੱਚੋਂ 2.26 ਕਿਲੋ ਹੈਰੋਇਨ ਬਰਾਮਦ ਹੋਈ।