ਜਗਰਾਉਂ, 30 ਜੁਲਾਈ 2023 – ਸਿੱਧਵਾਂ ਬੇਟ ਨੇੜਲੇ ਪਿੰਡਾਂ ਦੇ 2 ਨੌਜਵਾਨਾਂ ਦੇ ਸਤਲੁਜ ਦਰਿਆ ਵਿਚ ਰੁੜ ਕੇ ਪਾਕਿਸਤਾਨ ਪੁੱਜ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਹਰਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਸ਼ੇਰੇਵਾਲ ਹਾਲ ਵਾਸੀ ਪਰਜੀਆਂ ਬਿਹਾਰੀਪੁਰ ਅਤੇ ਰਤਨਪਾਲ ਪੁੱਤਰ ਮਹਿੰਦਰ ਸਿੰਘ ਵਾਸੀ ਖਹਿਰਾ ਮੁਸਤਰਕਾ ਥਾਣਾ ਮਹਿਤਪੁਰ ਜਿਨ੍ਹਾਂ ਦੀ ਉਮਰ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਫਿਰੋਜ਼ਪੁਰ ਦੇ ਪਿੰਡ ਗਜਨੀਵਾਲਾ ਨੇੜਿਓਂ ਸਤਲੁਜ ਦਰਿਆ ਵਿਚ ਰੁੜ ਗਏ, ਜਿਨ੍ਹਾਂ ਦੇ ਪਾਕਿਸਤਾਨ ਪੁੱਜਣ ’ਤੇ ਪਾਕਿ ਰੇਜ਼ਰਾਂ ਵਲੋਂ ਗ੍ਰਿਫਤਾਰ ਕਰ ਲਿਆ ਗਿਆ।
ਸੂਤਰਾਂ ਅਨੁਸਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਨ ਤੋਂ ਬਾਅਦ ਪਾਕਿਸਤਾਨੀ ਰੇਜ਼ਰਾਂ ਵਲੋਂ ਬੀ.ਐਸ.ਐਫ. ਨਾਲ ਗੱਲਬਾਤ ਕੀਤੀ ਗਈ ਤੇ ਦੋਹਾਂ ਵਲੋਂ ਜਾਂਚ ਆਰੰਭ ਦਿੱਤੀ ਗਈ। ਇਨ੍ਹਾਂ ਨੌਜਵਾਨਾਂ ਦੀ ਪਾਕਿਸਤਾਨ ਵਿਚ ਗ੍ਰਿਫਤਾਰੀ ਦੀ ਖਬਰ ਸਾਹਮਣੇ ਆਉਣ ਨਾਲ ਸਰੁੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਦਿਹਾਤੀ ਦੀ ਪੁਲਸ ਵੀ ਜਾਂਚ ਵਿਚ ਜੁਟ ਗਈ ਹੈ।
ਗ੍ਰਿਫਤਾਰੀ ਬਾਰੇ ਪਤਾ ਲੱਗਣ ’ਤੇ ਸਬ-ਡਵੀਜ਼ਨ ਜਗਰਾਓਂ ਦੇ ਡੀ.ਐਸ.ਪੀ. ਸਤਵਿੰਦਰ ਸਿੰਘ ਵਿਰਕ ਤੇ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਗਿੱਲ ਪਿੰਡ ਪਰਜੀਆਂ ਬਿਹਾਰੀਪੁਰ ਪੁੱਜੇ, ਜਿੱਥੇ ਉਨ੍ਹਾਂ ਨੇ ਗ੍ਰਿਫਤਾਰ ਨੌਜਵਾਨ ਹਰਵਿੰਦਰ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਿਲ ਕੀਤੀ।
ਪਿੰਡ ਪਰਜੀਆਂ ਬਿਹਾਰੀਪੁਰ ਦੇ ਸਰਪੰਚ ਜਸਵੀਰ ਸਿੰਘ ਜੱਸਾ ਨੇ ਦੱਸਿਆ ਕਿ ਸਾਡੇ ਪਿੰਡ ਦਾ ਨੌਜਵਾਨ 4 ਦਿਨ ਪਹਿਲਾਂ ਸ੍ਰੀ ਹਰਮਿੰਦਰ ਸਾਹਿਬ ਮੱਥਾ ਟੇਕਣ ਦਾ ਕਹਿ ਕੇ ਘਰੋਂ ਗਿਆ ਸੀ, ਜਿਸ ਦੀ ਪਰਿਵਾਰਿਕ ਮੈਂਬਰਾਂ ਵਲੋਂ ਤਲਾਸ਼ ਕੀਤੀ ਜਾ ਰਹੀ ਸੀ, ਪਰ ਬੀਤੀ ਸ਼ਾਮ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਉਸ ਨੂੰ ਪਾਕਿਸਤਾਨੀ ਰੇਜ਼ਰਾਂ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਅੱਜ ਪਾਕਿ ਰੇਜ਼ਰਾਂ ਵਲੋਂ ਬੀ.ਐਸ.ਐਫ. ਹਵਾਲੇ ਕੀਤਾ ਜਾ ਰਿਹਾ ਹੈ ਤੇ ਸ਼ਾਮ 5 ਵਜੇ ਦੇ ਕਰੀਬ ਬੀ.ਐਸ.ਐਫ. ਵਲੋਂ ਥਾਣਾ ਲੱਖੋਕੇ ਬਹਿਰਾਮ (ਫਿਰੋਜ਼ਪੁਰ) ਵਿਖੇ ਨੌਜਵਾਨਾਂ ਨੂੰ ਪਰਿਵਾਰ ਦੇ ਸਪੁਰਦ ਕੀਤੇ ਜਾਣ ਬਾਰੇ ਦੱਸਿਆ ਜਾ ਰਿਹਾ ਹੈ।