ਲੋਕ ਸਭਾ ਚੋਣਾਂ: ਅੰਤਰਰਾਜੀ ਸਰਹੱਦ ’ਤੇ 24 ਘੰਟੇ ਨਜ਼ਰਸਾਨੀ ਰੱਖੀ ਜਾਵੇਗੀ : ਡੀ.ਆਈ.ਜੀ.

  • ਕਿਹਾ, ਪੰਜਾਬ ਪੁਲਿਸ ਸ਼ਾਂਤਮਈ ਲੋਕ ਸਭਾ ਚੋਣਾਂ ਕਰਵਾਉਣ ਲਈ ਵਚਨਬੱਧ
  • ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ

ਪਟਿਆਲਾ, 19 ਮਾਰਚ 2024 – ਪਟਿਆਲਾ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਹਰਿਆਣਾ ਨਾਲ ਲੱਗਦੇ ਅੰਤਰ ਰਾਜੀ ਬਾਰਡਰ ਉਪਰ 24 ਘੰਟੇ ਵਿਸ਼ੇਸ਼ ਨਾਕਾਬੰਦੀ ਕਰਕੇ ਨਜਾਇਜ਼ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਉਪਰ ਵਿਸ਼ੇਸ਼ ਨਜ਼ਰ ਰੱਖੀ ਜਾਵੇ। ਉਹ ਅੱਜ ਜ਼ਿਲ੍ਹੇ ਦੇ ਸਮੂਹ ਗਜ਼ਟਿਡ ਅਫ਼ਸਰਾਂ, ਥਾਣਿਆਂ ਤੇ ਚੌਂਕੀਆਂ ਦੇ ਮੁਖੀਆਂ ਅਤੇ ਸਪੈਸ਼ਲ ਯੁਨਿਟ ਦੇ ਇੰਚਾਰਜਾਂ ਨਾਲ ਇੱਥੇ ਪੁਲਿਸ ਲਾਈਨ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰ ਰਹੇ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਵਿਸ਼ੇਸ਼ ਤੌਰ ਮੌਜੂਦ ਸਨ।

ਡੀ.ਆਈ.ਜੀ ਨੇ ਮੀਟਿੰਗ ਦੌਰਾਨ ਜਿਥੇ ਪੰਜਾਬ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਸ਼ਾਂਤਮਈ ਤਰੀਕੇ ਨਾਲ ਕਰਵਾਉਣ ਦੀ ਵਚਨਬੱਧਤਾ ਦੁਹਰਾਈ, ਉਥੇ ਤਨਦੇਹੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਾਂਤਮਈ ਚੋਣ ਅਮਲ ਵਿੱਚ ਵਿਘਨ ਪਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਉਨ੍ਹਾਂ ਨੇ ਵਿਸਥਾਰ ਨਾਲ ਕਰਾਇਮ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਅਗਾਮੀ ਲੋਕ ਸਭਾ ਚੋਣਾਂ-2024 ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।

ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੇ ਜ਼ਿਲ੍ਹੇ ਵਿੱਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਦੇ ਅਮਲ ਨੂੰ ਯਕੀਨੀ ਬਣਾਉਣ ਲਈ ਹਦਾਇਤ ਕਰਦਿਆਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਗੌੜਿਆਂ (ਪੀ.ਓਜ) ਬੇਲ-ਜੰਪਰਜ ਅਤੇ ਪੈਰੋਲ ਜੰਪਰਜ ਨੂੰ ਗ੍ਰਿਫ਼ਤਾਰ ਕਰਨ, ਗੈਰ-ਜ਼ਮਾਨਤੀ ਵਾਰੰਟ (ਐਨ.ਬੀ.ਡਬਲਿਊ) ਦੀ 100 ਫ਼ੀਸਦੀ ਪਾਲਣਾ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।

ਡੀ.ਆਈ.ਜੀ. ਭੁੱਲਰ ਨੇ ਨਿਰਦੇਸ਼ ਦਿੱਤੇ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਚੋਣਾਂ ਦੌਰਾਨ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਜ਼ਿਲ੍ਹੇ ਦੀ 75 ਫ਼ੀਸਦੀ ਫੋਰਸ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀਆਂ ਕੰਪਨੀਆਂ ਦਾ ਸੁਚੱਜੇ ਢੰਗ ਨਾਲ ਉਪਯੋਗ ਕਰਕੇ ਜ਼ਿਲ੍ਹੇ ਵਿੱਚ ਫਲੈਗ ਮਾਰਚ ਕੱਢੇ ਜਾਣ। ਉਨ੍ਹਾਂ ਨੇ ਸਾਰੇ ਥਾਣਾ ਤੇ ਚੌਂਕੀ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਇਲਾਕੇ ਅੰਦਰ ਸਮਾਜ ਵਿਰੋਧੀ ਅਨਸਰਾਂ ਉਪਰ ਕਰੜੀ ਨਜ਼ਰ ਰੱਖਣ। ਇਸ ਤੋਂ ਬਿਨਾਂ ਚੋਣਾਂ ਦੌਰਾਨ ਗੰਨ ਹਾਊਸ, ਵੋਟਾਂ ਦੀ ਕਾਉਂਟਿੰਗ ਸੈਂਟਰਾਂ, ਵੋਟਿੰਗ ਮਸ਼ੀਨਾਂ ਦੇ ਸਟੋਰੇਜ ਸੈਂਟਰਾਂ ਅਤੇ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

ਡੀ.ਆਈ.ਜੀ. ਸ੍ਰੀ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲੋਕ ਆਪਣਾ ਅਸਲਾ ਜਮ੍ਹਾਂ ਕਰਵਾਉਣ ਤਾਂ ਜੋ ਚੋਣਾਂ ਦੌਰਾਨ ਕੋਈ ਵੀ ਅਣਸੁਖਾਵੀਂ. ਘਟਨਾ ਨਾ ਵਾਪਰ ਸਕੇ ਅਤੇ ਚੋਣਾਂ ਸ਼ਾਂਤਮਈ ਤਰੀਕੇ ਨਾਲ ਸੰਪਰੂਣ ਹੋਣ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਦੀ ਭੂਮਿਕਾ ਕਾਫ਼ੀ ਅਹਿਮ ਹੈ, ਇਸ ਲਈ ਪੁਲਿਸ ਦੇ ਅਧਿਕਾਰੀ ਤੇ ਜਵਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਇੰਨ-ਬਿੰਨ ਯਕੀਨੀ ਬਣਾਉਣ। ਉਨ੍ਹਾਂ ਮੀਟਿੰਗ ਦੌਰਾਨ ਚੋਣ ਕਮਿਸ਼ਨ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਪੁਲਿਸ ਦੀ ਭੂਮਿਕਾ ਬਾਰੇ ਜਾਣੂ ਵੀ ਕਰਵਾਇਆ।

ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਚੋਣਾਂ ਦੌਰਾਨ ਅਮਨ ਕਾਨੂੰਨ ਕਾਇਮ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਚੋਣ ਮੌਕੇ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਗ਼ਲਤ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸਮੂਹ ਜ਼ਿਲ੍ਹਾ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡਾ. ਰਾਜ ਕੁਮਾਰ ਚੱਬੇਵਾਲ ਦੇ ਆਪ ‘ਚ ਸ਼ਾਮਲ ਹੋਣ ਮਗਰੋਂ ਖਿਲਾਫ ਮੁੱਖ ਮੰਤਰੀ ਨੇ ਰੋਕੀ ਕਾਰਵਾਈ – ਮਜੀਠੀਆ

2 ਮਾਸੂਮ ਬੱਚਿਆਂ ਦਾ ਕ+ਤਲ, 3 ਘੰਟੇ ਬਾਅਦ ਹੀ ਪੁਲਿਸ ਨੇ ਕੀਤਾ ਇਕ ਦੋਸ਼ੀ ਦਾ ਐਨਕਾਊਂਟਰ