ਜ਼ੀਰਕਪੁਰ, 10 ਦਸੰਬਰ 2022 – ਜ਼ੀਰਕਪੁਰ ਦੀ 11 ਸਾਲਾ ਮਾਨਿਆ ਚਮੋਲੀ ਨੇ ‘ਕੌਨ ਬਣੇਗਾ ਕਰੋੜਪਤੀ-ਜੂਨੀਅਰ’ ਵਿੱਚ 25 ਲੱਖ ਰੁਪਏ ਜਿੱਤੇ ਹਨ। ਉਹ ਜ਼ੀਰਕਪੁਰ ਦੇ ਹੀ ਇੱਕ ਪ੍ਰਾਈਵੇਟ ਸਕੂਲ ਵਿੱਚ 6ਵੀਂ ਜਮਾਤ ਵਿੱਚ ਪੜ੍ਹਦੀ ਹੈ। ਵਰਤਮਾਨ ਵਿੱਚ ਇਹ ਰਕਮ 25 ਲੱਖ ਅੰਕਾਂ ਦੇ ਰੂਪ ਵਿੱਚ ਹੈ ਅਤੇ ਜਦੋਂ ਮਾਨਿਆ 18 ਸਾਲ ਦੀ ਹੋ ਜਾਂਦੀ ਹੈ, ਤਾਂ ਉਹ ਇਹ ਰਕਮ ਕੈਸ਼ ਕਰਵਾ ਸਕਦੀ ਹੈ। ਮਾਨਿਆ ਨੇ ਕਿਹਾ ਕਿ ਉਸ ਦਾ ਕੇਬੀਸੀ ਵਿੱਚ ਬਹੁਤ ਵਧੀਆ ਅਨੁਭਵ ਰਿਹਾ ਹੈ ਅਤੇ ਕਿਹਾ ਕਿ ਏਬੀ ਸਰ (ਅਮਿਤਾਭ ਬੱਚਨ) ਇੱਕ ਡਾਊਨ ਟੂ ਅਰਥ ਵਿਅਕਤੀ ਹਨ।
ਜਾਣਕਾਰੀ ਅਨੁਸਾਰ ਮਾਨਿਆ ਜੀਕੇ ਓਲੰਪੀਆਡ ਵਿੱਚ ਵੀ ਗੋਲਡ ਮੈਡਲ ਜਿੱਤ ਚੁੱਕੀ ਹੈ। ਇਸ ਦੇ ਨਾਲ ਹੀ ਉਸ ਨੇ ਅੰਤਰ-ਸਕੂਲ ਘੋਸ਼ਣਾ ਮੁਕਾਬਲੇ ਵਿੱਚ ਵੀ ਪਹਿਲਾ ਇਨਾਮ ਜਿੱਤਿਆ ਹੈ। ਮਾਨਿਆ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਅੱਗੇ ਹੈ। ਉਹ ਗਾਉਂਦੀ ਵੀ ਹੈ ਅਤੇ ਨੱਚਣ ਦੀ ਵੀ ਸ਼ੌਕੀਨ ਹੈ।
ਮਾਨਿਆ ਮੁਤਾਬਕ ਉਹ ਆਰਮੀ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਸਾਲ 2017 ‘ਚ ਮਾਨਿਆ ਦੀ ਮਾਂ ਅਰਚਨਾ ਚਮੋਲੀ ਨੇ ਵੀ ਕੌਨ ਬਣੇਗਾ ਕਰੋੜਪਤੀ ਲਈ ਕੁਆਲੀਫਾਈ ਕੀਤਾ ਸੀ ਪਰ ਹੌਟ ਸੀਟ ‘ਤੇ ਨਹੀਂ ਪਹੁੰਚ ਸਕੀ ਸੀ। ਮਾਨਿਆ ਨੇ ਦੱਸਿਆ ਕਿ ਉਸ ਨੂੰ ਕਿਤਾਬਾਂ, ਅਖਬਾਰ ਪੜ੍ਹਨਾ ਅਤੇ ਬੈਡਮਿੰਟਨ ਖੇਡਣਾ ਪਸੰਦ ਹੈ।
ਜਾਣਕਾਰੀ ਮੁਤਾਬਕ ਪ੍ਰੀ-ਸ਼ੂਟ ਲਈ ਕੇਬੀਸੀ ਦੀ ਟੀਮ ਜ਼ੀਰਕਪੁਰ ਦੇ ਸਬੰਧਤ ਪ੍ਰਾਈਵੇਟ ਸਕੂਲ ਅਤੇ ਮਾਨਿਆ ਦੇ ਘਰ ਜ਼ੀਰਕਪੁਰ ਵੀ ਪਹੁੰਚੀ ਸੀ। ਜ਼ੀਰਕਪੁਰ ਦੇ ਸਕੂਲ ਜਿੱਥੇ ਮਾਨਿਆ ਪੜ੍ਹਦੀ ਹੈ, ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਹ ਸਕੂਲ ਲਈ ਮਾਣ ਵਾਲੀ ਗੱਲ ਹੈ। ਮਾਨਿਆ ਕੇਜੀ ਤੋਂ ਇਸ ਸਕੂਲ ਵਿੱਚ ਪੜ੍ਹ ਰਹੀ ਹੈ।