- ਕੈਨੇਡਾ ਦੇ ਸਰੀ ਵਿਖੇ ਚਾਕੂ ਮਾਰ ਮਾਰ ਕੇ ਕੀਤਾ ਕਤਲ
- ਮਾਤਾ ਪਿਤਾ ਦੇ ਦੋ ਬੇਟੇ ਤੇ ਦੋਵੇ ਭਰਾ ਸਨ ਕੈਨੇਡਾ ਵਿੱਚ
- 2018 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਬਾਅਦ ਵਿੱਚ ਉਥੇ ਹੀ ਪੀ.ਆਰ ਹੋ ਗਿਆ ਸੀ
- ਪਰਿਵਾਰ ਨੇ ਅਪਣੇ ਸਾਰੇ ਪੈਸੇ ਲਗਾ ਕੇ ਅਪਣੇ ਦੋਵੇਂ ਬੱਚਿਆਂ ਨੂੰ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ ਪਰ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਇਹ ਭਾਣਾ ਵਾਪਰ ਜਾਵੇਗਾ–ਪਿਤਾ ਕੁਲਵਿੰਦਰ ਸੋਹੀ
ਮਲੇਰਕੋਟਲਾ 25 ਅਪ੍ਰੈਲ 2024 – ਮਾਲੇਰਕੋਟਲਾ ਦੇ ਨਾਲ ਲਗਦੇ ਪਿੰਦ ਤੋਲੇਵਾਲ ਦੇ ਇੱਕ ਨੌਜਵਾਨ ਦਾ ਕੈਨੇਡਾ ਦੇ ਸਰ੍ਹੀਂ ਵਿਖੇ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਨੌਜਵਾਨ ਦੀ ਉਮਰ ਕਰੀਬ 27 ਸਾਲ ਦੀ ਸੀ। ਜਿਸ ਵਿਅਕਤੀ ਨੇ ਇਸ ਨੌਜਵਾਨ ਦਾ ਕਤਲ ਕੀਤਾ ਹੈ ਉਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਕਤਲ ਕੀਤੇ ਗਏ ਨੌਜਵਾਨ ਦਾ ਨਾਮ ਕੁਲਵਿੰਦਰ ਸਿੰਘ ਸੋਹੀ ਹੈ। ਇਹ ਦੋ ਭਰਾ ਹਨ ਅਤੇ ਦੋਵੇਂ ਕੈਨੇਡਾ ਵਿੱਚ ਹਨ। ਕੁਲਵਿੰਦਰ ਸਿੰਘ ਸੋਹੀ ਦੋਵੇਂ ਭਰਾਵਾਂ ਵਿੱਚੋਂ ਵੱਡਾ ਸੀ ਅਤੇ 2018 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਸੀ ਬਾਅਦ ਵਿੱਚ ਉਥੇ ਹੀ ਪੀ.ਆਰ ਹੋ ਗਿਆ ਸੀ ਅਤੇ ਹੁਣ ਉਥੇ ਉਸ ਨੂੰ ਪਲੰਬਰ ਦਾ ਲਾਇਸੰਸ ਮਿਲ ਗਿਆ ਸੀ ਅਤੇ ਉਹ ਪਲੰਬਰ ਦਾ ਕੰਮ ਕਰ ਰਿਹਾ ਸੀ। ਕੁਲਵਿੰਦਰ ਸਿੰਘ ਸੋਹੀ ਅਜੇ ਕੁਆਰਾ ਹੀ ਸੀ ਅਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਕੁਲਵਿੰਦਰ ਦੇ ਛੋਟੇ ਭਰਾ ਦਾ ਨਾਮ ਗੁਰਲੀਨ ਸਿੰਘ ਸੋਹੀ ਹੈ। ਪਿੰਡ ਤੋਲੇ ਵਾਲ ਵਿਖੇ ਕੁਲਵਿੰਦਰ ਸਿੰਘ ਸੋਹੀ ਦੇ ਮਾਤਾ ਅਤੇ ਪਿਤਾ ਰਹਿੰਦੇ ਹਨ। ਕੁਲਵਿੰਦਰ ਸਿੰਘ ਸੋਹੀ ਦੇ ਪਿਤਾ ਦਾ ਨਾਮ ਗੁਰਪ੍ਰੀਤ ਸਿੰਘ ਸੋਹੀ ਅਤੇ ਮਾਤਾ ਦਾ ਨਾਮ ਮਨਪ੍ਰੀਤ ਕੌਰ ਹੈ।
ਤੋਲੇਵਾਲ ਪਿੰਡ ਦੇ ਸਰਪੰਚ ਬਿਅੰਤ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਸੋਹੀ ਦਾ ਪਰਿਵਾਰ ਉਸ ਦੀ ਮ੍ਰਿਤਕ ਦੇਹ ਨੂੰ ਇੰਡੀਆ ਲੈ ਕੇ ਆਉਣ ਲਈ ਚਾਰਾ ਜੋਰੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਅਤੇ ਇਸ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਕੁਲਵਿੰਦਰ ਦੇ ਚਾਚਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਕਿਉਂ ਅਤੇ ਕਿਵੇਂ ਹੋਇਆ। ਉਹਨਾਂ ਕਿਹਾ ਕਿ ਸਾਡੇ ਪਰਿਵਾਰ ਨਾਲ ਤਾਂ ਇਹ ਭਾਣਾ ਵਾਪਰ ਗਿਆ ਪਰ ਕਿਸੇ ਹੋਰ ਨਾਲ ਨਾ ਵਾਪਰੇ ਇਸ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਕੁਲਵਿੰਦਰ ਸਿੰਘ ਸੋਹੀ ਦਾ ਕਤਲ ਉਸ ਸਮੇਂ ਕਰ ਦਿੱਤਾ ਗਿਆ ਸੀ ਜਦੋਂ ਮੰਗਲਵਾਰ 23 ਅਪ੍ਰੈਲ 2024 ਨੂੰ ਉਹ ਵ੍ਹਾਈਟ ਸ਼ੌਕ ਬੀ ਸੀ ਕੈਨੇਡਾ ਵਿਖੇ ਇੱਕ ਮੇਜ ਤੇ ਬੈਠਾ ਸੀ। ਕੈਨੇਡਾ ਪੁਲਿਸ ਨੇ ਵਾਟਰ ਫਰੰਟ ਖੇਤਰ ਵਿੱਚ ਇਸ ਘਟਨਾਂ ਤੋਂ ਬਾਅਦ ਪੁਲਿਸ ਦਸੀ ਗਸ਼ਤ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਵੀ ਇਸ ਖੇਤਰ ਵਿੱਚ ਇੱਕ ਵਿਅਕਤੀ ਤੇ ਛੁਰਾ ਮਾਰ ਕੇ ਹਮਲਾ ਕੀਤਾ ਗਿਆ ਸੀ।ਜਦੋਂ ਪੁਲਿਸ ਅਫ਼ਸਰ ਘਟਨਾ ਵਾਲੀ ਜਗ੍ਹਾ ਤੇ ਪੁੱਜੇ ਤਾਂ ਛੁਰਾ ਮਾਰਨ ਵਾਲਾ ਵਿਅਕਤੀ ਉਥੋਂ ਫਰਾਰ ਹੋ ਗਿਆ।
ਕੁਲਵਿੰਦਰ ਸਿੰਘ ਸੋਹੀ ਦੀ ਮੌਤ ਦੀ ਖ਼ਬਰ ਨਾਲ ਸਾਰੇ ਇਲਾਕੇ ਵਿੱਚ ਸ਼ੌਕ ਦੀ ਲਹਿਰ ਦੋੜ ਗਈ ਹੈ। ਲੋਕ ਕੁਲਵਿੰਦਰ ਸਿੰਘ ਸੋਹੀ ਦੇ ਘਰ ਅਫਸੋਸ ਕਰਨ ਲਈ ਜਾ ਰਹੇ ਹਨ ਅਤੇ ਪਰਿਵਾਰ ਨਾਲ ਹਮਦਰਦੀ ਜਤਾ ਰਹੇ ਹਨ। ਇਸ ਪਰਿਵਾਰ ਨੇ ਅਪਣੇ ਸਾਰੇ ਪੈਸੇ ਲਗਾ ਕੇ ਅਪਣੇ ਦੋਵੇਂ ਬੱਚਿਆਂ ਨੂੰ ਚੰਗੇ ਭਵਿੱਖ ਲਈ ਕੈਨੇਡਾ ਭੇਜਿਆ ਸੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਨਾਲ ਇਹ ਭਾਣਾ ਵਾਪਰ ਜਾਵੇਗਾ।