- ਜੇਸੀਬੀ ਡਰਾਈਵਰ ਫਰਾਰ
ਕਪੂਰਥਲਾ, 20 ਮਾਰਚ 2024 – ਬੁੱਧਵਾਰ ਸਵੇਰੇ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਇਕ ਜੇਸੀਬੀ ਨਾਲ ਬਾਈਕ ਦੀ ਟੱਕਰ ਹੋਣ ਕਾਰਨ ਬਾਈਕ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਤਿੰਨੇ ਮ੍ਰਿਤਕ ਨੌਜਵਾਨ ਦੋਸਤ ਸਨ ਅਤੇ ਹੁਸ਼ਿਆਰਪੁਰ ਤੋਂ ਫਗਵਾੜਾ ਵੱਲ ਜਾ ਰਹੇ ਸਨ।
ਮ੍ਰਿਤਕ ਨੌਜਵਾਨਾਂ ਦੀ ਪਛਾਣ ਰੋਹਿਤ ਕੁਮਾਰ, ਅਸ਼ੀਸ਼ ਕੁਮਾਰ ਅਤੇ ਮਨੋਜ ਕੁਮਾਰ ਵਾਸੀ ਗੋਬਿੰਦਪੁਰ ਵਜੋਂ ਹੋਈ ਹੈ। ਪੁਲੀਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਘਟਨਾ ਦੀ ਜਾਣਕਾਰੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੇ ਦੋਸਤ ਬਾਈਕ ‘ਤੇ ਫਗਵਾੜਾ ਵੱਲ ਜਾ ਰਹੇ ਸਨ ਕਿ ਪਿੰਡ ਜਗਜੀਤਪੁਰ ਨੇੜੇ ਉਨ੍ਹਾਂ ਦੀ ਬਾਈਕ ਦੀ ਜੇਸੀਬੀ ਨਾਲ ਟੱਕਰ ਹੋ ਗਈ। ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਜਿੱਥੇ ਕੁਝ ਸਮੇਂ ਬਾਅਦ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਘਟਨਾ ਵਾਲੀ ਥਾਂ ‘ਤੇ ਪਹੁੰਚੀ ਪੁਲਸ ਨੇ ਆਸ-ਪਾਸ ਦੇ ਲੋਕਾਂ ਦੇ ਬਿਆਨ ਦਰਜ ਕੀਤੇ, ਜਿਸ ਤੋਂ ਬਾਅਦ ਪੁਲਸ ਨੇ ਉਕਤ ਜੇਸੀਬੀ ਅਤੇ ਹਾਦਸੇ ‘ਚ ਨੁਕਸਾਨੇ ਗਏ ਮ੍ਰਿਤਕਾਂ ਦੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਇਸ ਦੌਰਾਨ ਜੇਸੀਬੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਫਗਵਾੜਾ ਪੁਲੀਸ ਮੁਲਜ਼ਮ ਦੀ ਭਾਲ ਵਿੱਚ ਲੱਗੀ ਹੋਈ ਹੈ।
ਪਿੰਡ ਗੋਬਿੰਦਪੁਰ ਵਾਸੀ ਗੋਲੂ ਨੇ ਦੱਸਿਆ ਕਿ ਮਰਨ ਵਾਲੇ ਤਿੰਨੇ ਨੌਜਵਾਨ ਉਸ ਦੇ ਦੋਸਤ ਸਨ। ਤਿੰਨੋਂ ਗੋਬਿੰਦਪੁਰ ਰਹਿੰਦੇ ਸਨ। ਐਸਐਚਓ ਲਾਭ ਸਿੰਘ ਨੇ ਦੱਸਿਆ ਕਿ ਜੇਸੀਬੀ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸਐਚਓ ਲਾਭ ਸਿੰਘ ਨੇ ਇਹ ਵੀ ਦੱਸਿਆ ਕਿ ਤਿੰਨੇ ਨੌਜਵਾਨ ਮਾਰਬਲ ਲਾਉਣ ਦਾ ਕੰਮ ਕਰਦੇ ਸਨ। ਪੁਲੀਸ ਜੇਸੀਬੀ ਦੇ ਦਸਤਾਵੇਜ਼ਾਂ ਦੀ ਪੜਤਾਲ ਕਰਕੇ ਇਸ ਮਾਮਲੇ ਵਿੱਚ ਕੇਸ ਦਰਜ ਕਰੇਗੀ। ਜਿਸ ਵਿੱਚ ਆਈਪੀਸੀ ਦੀ ਧਾਰਾ 304 (ਦੋਸ਼ੀ ਕਤਲ) ਸਮੇਤ ਵੱਖ-ਵੱਖ ਧਾਰਾਵਾਂ ਲਗਾਈਆਂ ਜਾਣਗੀਆਂ।