- ਚੰਡੀਗੜ੍ਹ ਮੋਲੀ ਜਾਗਰਾ ਦੇ ਜੰਗਲ ਨੇੜਿਓਂ ਤੋਂ ਹੋਏ ਬੱਚੇ ਬਰਾਮਦ
- ਲਾਪਤਾ ਬੱਚਿਆਂ ਵਿਚੋਂ ਸਭ ਤੋਂ ਵੱਡਾ 14 ਸਾਲਾਂ ਬੱਚਾਂ ਹੋਇਆ ਮੌਕੇ ਤੋਂ ਫ਼ਰਾਰ
ਡੇਰਾਬੱਸੀ, 9 ਦਸੰਬਰ 2022 – ਇਥੋਂ ਦੇ ਪਿੰਡ ਕਕਰਾਲੀ ਵਿੱਚੋ ਬੀਤੇ 3 ਦਿਨਾਂ ਤੋਂ ਲਾਪਤਾ ਚਾਰ ਬੱਚਿਆਂ ਵਿੱਚੋ ਅੱਜ ਸ਼ਾਮ 3 ਬੱਚੇ ਪੁਲਿਸ ਨੇ ਬਰਾਮਦ ਕਰ ਲਏ ਹਨ। ਚੰਡੀਗੜ੍ਹ ਮੋਲੀ ਜਾਗਰਾ ਨੇੜਿਓਂ ਇਹ ਬੱਚੇ ਪੁਲਿਸ ਨੇ ਬਰਾਮਦ ਕੀਤੇ ਹਨ, ਜਦਕਿ ਚੌਥਾ 14 ਸਾਲਾਂ ਦਾ ਬੱਚਾ ਮੌਲੀ ਜਾਂਗਰਾ ਦੇ ਜੰਗਲੀ ਖੇਤਰ ਵਿੱਚ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਜਾਣਕਾਰੀ ਦਿੰਦਿਆਂ ਏ.ਐਸ.ਪੀ. ਡੇਰਾਬੱਸੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਉੱਕਤ ਬੱਚਿਆਂ ਨੂੰ 14 ਸਾਲਾਂ ਦਾ ਬੱਚਾ ਵਿਸ਼ਾਲ ਪੁੱਤਰ ਸੋਹਿਬ ਰਾਮ ਗੁੰਮਰਾਹ ਕਰ ਆਪਣੇ ਨਾਲ ਲੈ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਚਾਰੇ ਬੱਚਿਆਂ ਨੇ ਦੋ ਰਾਤਾਂ ਮੌਲੀ ਜਾਂਗਰਾ ਨੇੜੇ ਜੰਗਲੀ ਖੇਤਰ ਵਿੱਚ ਕੱਟੀਆਂ ਹਨ। ਰੋਟੀ ਨੇੜੇ ਸਤਿਥ ਮੰਦਰ ਵਿੱਚ ਖਾਂਦੇ ਸਨ। ਇਕ ਸਮੋਸੇ ਵਾਲੀ ਦੁਕਾਨ ਮਾਲਕ ਨੇ ਬੱਚਿਆਂ ਦੀ ਪਛਾਣ ਕੀਤੀ ਸੀ, ਜਿਸ ਨੇ ਪੁਲਿਸ ਦੀ ਜਾਂਚ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਲੀ ਜਾਗਰਾ ਵਿੱਚ ਫ਼ਰਾਰ ਹੋਏ ਬੱਚੇ ਦੀ ਰਿਸ਼ਤੇਦਾਰ ਵੀ ਰਹਿੰਦੀ ਹੈ, ਉਸਦਾ 16 ਸਾਲਾਂ ਲੜਕਾ ਇਸ ਮਾਮਲੇ ਵਿੱਚ ਸ਼ੱਕੀ ਹੈ। ਉਨ੍ਹਾਂ ਮੁਬਾਰਿਕਪੂਰ ਪੁਲਿਸ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਟੀਮ ਨਾਲ ਦਿਨ ਰਾਤ ਮੇਹਨਤ ਕਰ ਮਾਮਲੇ ਨੂੰ ਹੱਲ ਕੀਤਾ ਹੈ ਅਤੇ ਅੱਜ ਬੱਚੇ ਸਹੀ ਸਲਾਮਤ ਆਪਣੇ ਆਪਣੇ ਪਰਿਵਾਰ ਕੋਲ ਪਹੁੰਚ ਗਏ ਹਨ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਪਿੰਡ ਕਕਰਾਲੀ ਦੇ ਵਸਨੀਕ ਚਾਰ ਬੱਚੇ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਏ ਸਨ। ਇਨ੍ਹਾਂ ਵਿੱਚੋਂ ਤਿੰਨ ਬੱਚੇ ਪਿੰਡ ਕਕਰਾਲੀ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰ ਰਹੇ ਸੀ। ਜਦਕਿ ਇਕ 14 ਸਾਲਾਂ ਦਾ ਬੱਚਾ ਵਿਹਲਾ ਰਹਿੰਦਾ ਸੀ। ਤਿੰਨਾਂ ਬੱਚੇ ਦੁਪਹਿਰ ਤਿੰਨ ਵਜੇ ਸਕੂਲ ਤੋਂ ਛੁੱਟੀ ਮਗਰੋਂ ਆਪਣੇ ਘਰ ਆਏ ਅਤੇ ਮੁੜ ਤੋਂ ਸਕੂਲ ਜਾਣ ਦਾ ਗੱਲ ਆਖ ਕੇ 14 ਸਾਲਾਂ ਦੇ ਬੱਚੇ ਨਾਲ ਲਾਪਤਾ ਹੋ ਗਏ। ਮੁਬਾਰਿਕਪੂਰ ਪੁਲਿਸ ਚੌਂਕੀ ਵਿੱਚ ਮੌਜੂਦ ਫ਼ਰਾਰ ਹੋਏ ਬੱਚੇ ਦੀ ਮਾਤਾ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੀ ਹਰਕਤਾਂ ਤੋਂ ਬਹੁਤ ਪ੍ਰੇਸ਼ਾਨ ਹਨ, ਜਦੋ ਵੀ ਉਸਦਾ ਪੁੱਤਰ ਉਸਨੂੰ ਮਿਲਦਾ ਹੈ ਤਾਂ ਉਹ ਆਪਣੇ ਪੁੱਤਰ ਨੂੰ ਆਪ ਪੁਲਿਸ ਹਵਾਲੇ ਕਰੇਗੀ।