- ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਕੀਤੀ ਕਾਰਵਾਈ
- ਓਪਰੇਟਿੰਗ ਮੈਨੇਜਰ ਦੇ ਅਚਨਚੇਤ ਨਿਰੀਖਣ ਵਿੱਚ ਕਈ ਖਾਮੀਆਂ ਮਿਲੀਆਂ
ਫਿਰੋਜ਼ਪੁਰ, 12 ਮਾਰਚ 2024 – ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਆਪਰੇਟਿੰਗ ਮੈਨੇਜਰ ਉਚਿਤ ਸਿੰਘਲ ਨੇ ਬੀਤੇ ਦਿਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਕਈ ਖਾਮੀਆਂ ਪਾਈਆਂ ਗਈਆਂ। ਇਸ ਦਾ ਨੋਟਿਸ ਲੈਂਦਿਆਂ ਫ਼ਿਰੋਜ਼ਪੁਰ ਡਿਵੀਜ਼ਨ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਚੀਫ਼ ਯਾਰਡ ਮਾਸਟਰ ਵੀ.ਕੇ ਚੱਢਾ ਅਤੇ ਦੋ ਹੋਰ ਮੁਲਾਜ਼ਮਾਂ ਮਨੀਸ਼ ਅਤੇ ਜੈ ਨਰਾਇਣ ਖ਼ਿਲਾਫ਼ ਕਾਰਵਾਈ ਕੀਤੀ ਹੈ। ਤਿੰਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਜਦੋਂ ਅਧਿਕਾਰੀ ਨਿਰੀਖਣ ਲਈ ਜਲੰਧਰ ਸਿਟੀ ਰੇਲਵੇ ਸਟੇਸ਼ਨ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਇੱਕ ਮਾਲ ਗੱਡੀ ਦੀ ਮੁਰੰਮਤ ਕੀਤੀ ਜਾ ਰਹੀ ਸੀ। ਇਸ ਸਮੇਂ ਦੌਰਾਨ, ਮਾਲ ਗੱਡੀ ਨੂੰ ਸਥਿਰ ਕਰਨ ਲਈ ਪਹੀਏ ਦੇ ਹੇਠਾਂ ਬਲਾਕ ਅਤੇ ਚੇਨ ਨਹੀਂ ਲਗਾਏ ਗਏ ਸਨ। ਇਸ ਕਾਰਨ ਹਾਦਸਾ ਵਾਪਰ ਸਕਦਾ ਸੀ।
ਦੱਸ ਦੇਈਏ ਕਿ ਕਠੂਆ ਤੋਂ ਬਿਨਾਂ ਡਰਾਈਵਰ ਦੇ ਚੱਲਣ ਵਾਲੀ ਟਰੇਨ ਦੇ ਐੱਮਲਰ ਤੋਂ ਬਾਅਦ ਫ਼ਿਰੋਜ਼ਪੁਰ ਡਿਵੀਜ਼ਨ ਕਾਫੀ ਸਖ਼ਤ ਹੋ ਗਿਆ ਹੈ। ਅਧਿਕਾਰੀ ਫ਼ਿਰੋਜ਼ਪੁਰ ਡਵੀਜ਼ਨ ਅਧੀਨ ਪੈਂਦੇ ਸਾਰੇ ਸਟੇਸ਼ਨਾਂ ਦੀ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਜਲੰਧਰ ਵਿੱਚ ਫ਼ਿਰੋਜ਼ਪੁਰ ਡਵੀਜ਼ਨ ਦੀ ਅਸਿਸਟੈਂਟ ਅਪਰੇਸ਼ਨ ਮੈਨੇਜਰ ਪਾਇਲ ਵੱਲੋਂ ਵੀ ਨਿਰੀਖਣ ਕੀਤਾ ਗਿਆ ਸੀ। ਉਨ੍ਹਾਂ ਨੇ ਇੱਥੇ ਵੀ ਕਈ ਖਾਮੀਆਂ ਪਾਈਆਂ ਸਨ।
ਦੱਸ ਦੇਈਏ ਕਿ ਕੱਲ੍ਹ ਜੰਮੂ ਦੇ ਕਠੂਆ ਤੋਂ ਬਿਨਾਂ ਡਰਾਈਵਰ ਦੇ ਇੱਕ ਮਾਲ ਗੱਡੀ ਚੱਲੀ ਸੀ। ਜਿਸ ਨੂੰ ਕਿਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਰੋਕਿਆ ਗਿਆ। ਜੇਕਰ ਉਕਤ ਰੇਲ ਗੱਡੀ ਨੂੰ ਨਾ ਰੋਕਿਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ, ਜਿਸ ਨਾਲ ਭਾਰੀ ਨੁਕਸਾਨ ਹੋ ਸਕਦਾ ਸੀ। ਇਸ ‘ਤੇ ਕਾਰਵਾਈ ਕਰਦੇ ਹੋਏ ਰੇਲਵੇ ਨੇ 6 ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿੱਤਾ ਹੈ।