- ਮਾਨਸੂਨ ਸੀਜ਼ਨ ਦੌਰਾਨ 9 ਲੱਖ ਪੌਦੇ ਲਗਾਉਣ ਦੇ ਟੀਚੇ ਮੁਕੰਮਲ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ ਨਿਰਦੇਸ਼ – ਡਿਪਟੀ ਕਮਿਸ਼ਨਰ
ਸ੍ਰੀ ਅਨੰਦਪੁਰ ਸਾਹਿਬ 19 ਜੂਨ 2024 – ਖਾਲਸੇ ਦੇ ਜਨਮ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦੇ 359ਵੇਂ ਸਥਾਪਨਾ ਦਿਵਸ ਮੌਕੇ ਪ੍ਰਸਾਸ਼ਨ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਅੱਜ ਪੰਜ ਪਿਆਰਾ ਪਾਰਕ ਤੋਂ ਸੁਰੂ ਕੀਤੀ ਗਈ ਹੈ। ਪੌਦੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੇ ਪਾਲਣ ਤੇ ਸਾਭ ਸੰਭਾਲ ਲਈ ਵੀ ਵੱਧ ਚੜ੍ਹ ਕੇ ਉਤਸ਼ਾਹ ਵਿਖਾਉਣ ਦੀ ਜਰੂਰਤ ਹੈ ਤਾਂ ਕਿ ਅਸੀ ਵਾਤਾਵਰਣ ਦੇ ਸੰਤੁਲਨ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਂਬ ਹੋ ਸਕੀਏ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਆਈ.ਏ.ਐਸ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ 359ਵੇ. ਸਥਾਪਨਾ ਦਿਵਸ ਮੌਕੇ ਪੰਜ ਪਿਆਰਾ ਪਾਰਕ ਵਿਚ ਬੂਟੇ ਲਗਾਉਣ ਦੀ ਮੁਹਿੰਮ ਦੀ ਸੁਰੂਆਤ ਕਰਨ ਮੌਕੇ ਕੀਤਾ। ਉਨ੍ਹਾਂ ਨੇ ਪੰਜ ਪਿਆਰਾ ਪਾਰਕ ਵਿੱਚ ਪਹਿਲਾ ਆਪ ਬੂਟੇ ਲਗਾਏ ਅਤੇ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਵੀ ਵੱਖ ਵੱਖ ਅਦਾਰਿਆਂ ਵਿੱਚ ਢੁਕਵੀਆਂ ਥਾਵਾਂ ਤੇ ਪੌਦੇ ਲਗਾਉਣ ਤੇ ਉਨ੍ਹਾਂ ਦਾ ਰੱਖ ਰਖਾਓ ਕਰਨ ਲਈ ਪ੍ਰੇਰਿਤ ਕੀਤਾ।
ਡਾ.ਪ੍ਰੀਤੀ ਯਾਦਵ ਨੇ ਆਉਣ ਵਾਲ਼ੇ ਮਾਨਸੂਨ ਸੀਜ਼ਨ ਦੌਰਾਨ 9 ਲੱਖ ਪੌਦੇ ਲਗਾਉਣ ਅਤੇ ਸਪਲਾਈ ਕਰਨ ਦੇ ਮਿਥੇ ਟੀਚੇ ਨੂੰ ਹਾਸਿਲ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸੇਸ਼ ਨਿਰਦੇਸ਼ ਜਾਰੀ ਕੀਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 359ਵਰੇ ਪਹਿਲਾ ਅੱਜ ਦੇ ਦਿਨ ਨੋਵੇ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਨਗਰੀ ਨੂੰ ਵਸਾਇਆ ਸੀ। ਉਸ ਸਮੇਂ ਇਹ ਇਲਾਕਾ ਹਰਿਆਵਲ ਭਰਪੂਰ ਸੀ ਤੇ ਅਸੀ ਮੁੜ ਇਸ ਇਲਾਕੇ ਨੂੰ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਅਰੰਭ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਸੀਜ਼ਨ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਕਿਉਕਿ ਇਹ ਸਮਾਂ ਪੌਦਿਆਂ ਦੇ ਅਨੁਕੂਲ ਹੁੰਦਾ ਹੈ ਅਤੇ ਮਿੱਟੀ ਵੀ ਨਰਮ ਹੁੰਦੀ ਹੈ ਬਾਰਿਸ਼ ਨਾਲ ਬੂਟਿਆਂ ਨੂੰ ਪਾਣੀ ਮਿਲਦਾ ਰਹਿੰਦਾ ਹੈ। ਇਸ ਸਮੇਂ ਬੂਟੇ ਦੇ ਚੰਗੀ ਤਰ੍ਹਾਂ ਵੱਧਣ ਫੁੱਲਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੇ ਖੇਤਰ ਅਧੀਨ ਆਉਂਦੇ ਸਬੰਧਿਤ ਅਧਿਕਾਰੀ ਬੂਟੇ ਲਗਾਉਣ ਤੋਂ ਬਾਅਦ ਉਨ੍ਹਾਂ ਦਾ ਸਮੇਂ ਸਮੇਂ ਉੱਤੇ ਸਰਵੇਖਣ ਕਰਨਗੇ।
ਡਿਪਟੀ ਕਮਿਸ਼ਨਰ ਨੇ ਵਣ ਮੰਡਲ ਅਫਸਰ ਹਰਜਿੰਦਰ ਸਿੰਘ ਨੂੰ ਕਿਹਾ ਕਿ ਉਪਲੱਬਧ ਪਹਾੜੀ ਰਕਬਿਆਂ ਵਿੱਚ ਖੈਰ, ਸ਼ੀਸ਼ਮ, ਫਲਾਹੀ, ਕਿੱਕਰ, ਬਾਂਸ, ਰਜੈਣ ਆਦਿ ਰੁੱਖ ਕਿਸਮਾਂ ਦੀ ਪਲਾਂਟੇਸ਼ਨ ਕਰਵਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰੀਆਂ ਦੇ ਖਾਲੀ ਪਏ ਰਕਬਿਆਂ ਵਿੱਚ ਫਲਦਾਰ, ਆਰਨਾਮੈਂਟਲ, ਮੈਡੀਸ਼ਨਲ ਪਲਾਂਟਾਂ ਆਦਿ ਦੀ ਪਲਾਂਟੇਸ਼ਨ ਕਰਵਾਉਣ ਲਈ ਸਮੂਹ ਵਿਭਾਗਾਂ ਨੂੰ ਪੌਦੇ ਸਪਲਾਈ ਕੀਤੇ ਜਾਣ।
ਇਸ ਮੌਕੇ ਸੰਜੀਵ ਕੁਮਾਰ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਰਾਜਪਾਲ ਸਿੰਘ ਸੇਖੋ ਉਪ ਮੰਡਲ ਮੈਜਿਸਟ੍ਰੇਟ, ਰਮਨਦੀਪ ਸਿੰਘ ਡੀ.ਐਸ.ਪੀ ਰੂਪਨਗਰ, ਸੰਦੀਪ ਕੁਮਾਰ ਤਹਿਸੀਲਦਾਰ, ਅਰਾਧਨਾ ਖੋਸਲਾ ਨਾਇਬ ਤਹਿਸੀਲਦਾਰ, ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ, ਰਾਜੇਸ਼ ਕੁਮਾਰ ਵਿਰਾਸਤ ਏ ਖਾਲਸਾ, ਸੁਖਵੀਰ ਸਿੰਘ ਰੇਂਜ ਅਫਸਰ, ਰਾਜਵੀਰ ਕੁਮਾਰ ਉੱਪਲ ਬਲਾਕ ਅਫਸਰ, ਦਲਜੀਤ ਸਿੰਘ, ਰਾਮਪਾਲ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।