- SGPC ਪ੍ਰਧਾਨ ਨੇ ਕਸ਼ਮੀਰ ਦੇ ਪੂੰਛ ’ਚ ਗੁਰਦੁਆਰੇ ’ਤੇ ਹਮਲੇ ਨੂੰ ਦੁਖਦਾਈ ਕਰਾਰ ਦਿੱਤਾ
- ਕਸ਼ਮੀਰ ’ਚ ਹਮਲੇ ਦੌਰਾਨ ਚਾਰ ਸਿੱਖਾਂ ਦੀ ਮੌਤ ’ਤੇ ਵੀ ਪ੍ਰਗਟਾਈ ਸੰਵੇਦਨਾ
ਅੰਮ੍ਰਿਤਸਰ, 7 ਮਈ 2025 – ਭਾਰਤ ਪਾਕਿਸਤਾਨ ਵਿਚਕਾਰ ਸਥਿਤੀ ਲਗਾਤਾਰ ਚਿੰਤਾਜਨਕ ਹੁੰਦੀ ਜਾ ਰਹੀ ਹੈ। ਦੋਵਾਂ ਦੇਸ਼ਾਂ ਦਰਮਿਆਨ ਲਗਾਤਾਰ ਗੋਲੀਬਾਰੀ ਹੋ ਰਹੀ ਹੈ । ਇਸ ਤਣਾਅ ਦੌਰਾਨ ਭਾਰਤ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਪੁੰਛ ਇਲਾਕੇ ‘ਚ ਗੋਲੀਬਾਰੀ ਕੀਤੀ ਗਈ ਹੈ। ਇਸ ਗੋਲੀਬਾਰੀ ‘ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਜਿੱਥੇ ਨੁਕਸਾਨ ਪਹੁੰਚਿਆ ਹੈ ਤਾਂ ਉੱਥੇ ਹੀ 4 ਸਿੱਖਾਂ ਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਮਰਨ ਵਾਲਿਆਂ ਦੀ ਪਹਿਚਾਣ ਭਾਈ ਅਮਰੀਕ ਸਿੰਘ (ਰਾਗੀ), ਅਮਰਜੀਤ ਸਿੰਘ (ਸਾਬਕਾ ਫੌਜੀ) ਅਤੇ ਰਣਜੀਤ ਸਿੰਘ (ਦੁਕਾਨਦਾਰ) ਵਜੋਂ ਹੋਈ ਹੈ। ਇਸ ਤੋਂ ਇਲਾਵਾ ਇੱਕ ਹੋਰ ਸਿੱਖ ਦੀ ਵੀ ਮੌਤ ਹੋ ਗਈ ਹੈ ਅਤੇ ਹੋਰ ਵੀ ਕਾਫੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ ਵਿੱਚ LOC ‘ਤੇ ਭਾਰੀ ਗੋਲੀਬਾਰੀ ਹੋਈ ਹੈ। ਜਾਣਕਾਰੀ ਮੁਤਾਬਿਕ ਪਾਕਿਸਤਾਨੀ ਫੌਜ ਵੱਲੋਂ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅੰਨ੍ਹੇਵਾਹ ਗੋਲੀਬਾਰੀ ਵਿੱਚ ਤਿੰਨ ਮਾਸੂਮ ਨਾਗਰਿਕਾਂ ਦੀ ਜਾਨ ਚਲੀ ਗਈ। ਭਾਰਤੀ ਫੌਜ ਵੀ ਢੁਕਵਾਂ ਜਵਾਬ ਦੇ ਰਹੀ ਹੈ।
ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਪਾਕਿਸਤਾਨ ਸਰਹੱਦ ’ਤੇ ਪੈਦਾ ਹੋਏ ਤਨਾਅ ਤੋਂ ਬਾਅਦ ਕਸ਼ਮੀਰ ਨੇ ਪੂੰਛ ਇਲਾਕੇ ਵਿਚ ਗੁਰਦੁਆਰਾ ਸਾਹਿਬ ’ਤੇ ਕੀਤੇ ਗਏ ਹਮਲੇ ਨੂੰ ਦੁਖਦਾਈ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਸ਼ਮੀਰ ਅੰਦਰ ਹਮਲੇ ਦੌਰਾਨ ਮਾਰੇ ਗਏ ਚਾਰ ਸਿੱਖਾਂ ਪ੍ਰਤੀ ਵੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਇਸ ਪੀੜਾਮਈ ਘਟਨਾ ਨੇ ਸਿੱਖ ਜਗਤ ਨੂੰ ਗਹਿਰੇ ਜ਼ਖ਼ਮ ਦਿੱਤੇ ਹਨ। ਐਡਵੋਕੇਟ ਧਾਮੀ ਨੇ ਹਮਲੇ ਦੌਰਾਨ ਚਲਾਣਾ ਕਰ ਗਏ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਰਤਾ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਸਮੇਂ ’ਚ ਸ਼੍ਰੋਮਣੀ ਕਮੇਟੀ ਪੀੜ੍ਹਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦੀ ਹੈ।

