- ਪੁਲਿਸ ਨੇ ਮੁਲਜ਼ਮ ਸੋਨੂੰ ਨੂੰ ਨੇਪਾਲ ਬਾਰਡਰ ਤੋਂ ਫੜਿਆ ਸੀ
ਲੁਧਿਆਣਾ, 19 ਜਨਵਰੀ 2024 – ਲੁਧਿਆਣਾ ‘ਚ 4 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਸੋਨੂੰ ਨੇ ਨੇਪਾਲ ਬਾਰਡਰ ਤੋਂ ਫੜੇ ਜਾਣ ਤੋਂ ਬਾਅਦ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਮੁਲਜ਼ਮ ਨੇ ਸ਼ਰਾਬ ਪੀ ਰੱਖੀ ਸੀ। ਉਹ ਸ਼ਰਾਬ ਪੀ ਕੇ ਲੜਕੀ ਨੂੰ ਨਾਲ ਲੈ ਗਿਆ। ਜਦੋਂ ਉਸ ਨੇ ਲੜਕੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚੀਕਣ ਲੱਗੀ। ਇਸ ਲਈ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਲਾਸ਼ ਨਾਲ ਬਲਾਤਕਾਰ ਕੀਤਾ ਗਿਆ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਲੜਕੀ ਦੀ ਲਾਸ਼ ਨੂੰ ਬੈੱਡ ਬਾਕਸ ‘ਚ ਲੁਕਾ ਦਿੱਤਾ ਅਤੇ ਫਰਾਰ ਹੋ ਗਿਆ। ਲੁਧਿਆਣਾ ਦੇ ਸੰਯੁਕਤ ਪੁਲਿਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲਿਆ ਗਿਆ ਹੈ।
ਸੰਯੁਕਤ ਪੁਲਿਸ ਕਮਿਸ਼ਨਰ ਅਨੁਸਾਰ ਸੋਨੂੰ ਦਸੰਬਰ 2023 ਵਿੱਚ ਆਪਣੇ ਭਰਾ ਅਸ਼ੋਕ ਨਾਲ ਰਹਿਣ ਆਇਆ ਸੀ। ਸੋਨੂੰ ਦਾ ਭਰਾ ਇਲਾਕੇ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰ ਭਰਨ ਦਾ ਕੰਮ ਕਰਦਾ ਹੈ। 28 ਦਸੰਬਰ ਨੂੰ ਸੋਨੂੰ ਲੜਕੀ ਨੂੰ ਉਸ ਦੀ ਦਾਦੀ ਦੀ ਚਾਹ ਦੀ ਦੁਕਾਨ ਤੋਂ ਕੁਝ ਲੈਣ ਦੇ ਬਹਾਨੇ ਲੈ ਗਿਆ। ਇਸ ਤੋਂ ਬਾਅਦ ਲੜਕੀ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ।
ਇਸ ਤੋਂ ਬਾਅਦ ਜਦੋਂ ਦੁਪਹਿਰ ਤੱਕ ਲੜਕੀ ਘਰ ਨਹੀਂ ਆਈ ਤਾਂ ਪਰਿਵਾਰ ਵਾਲਿਆਂ ਨੇ ਆਸ-ਪਾਸ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲੀਸ ਨੇ ਜਦੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇੱਥੇ ਰਹਿਣ ਵਾਲਾ ਸੋਨੂੰ ਲੜਕੀ ਦਾ ਹੱਥ ਫੜ ਕੇ ਉਸ ਨੂੰ ਕਮਰੇ ਵਿੱਚ ਲੈ ਜਾਂਦਾ ਨਜ਼ਰ ਆਇਆ। ਜਦੋਂ ਪੁਲਸ ਅਤੇ ਪਰਿਵਾਰ ਵਾਲੇ ਸੋਨੂੰ ਦੇ ਕਮਰੇ ‘ਚ ਪਹੁੰਚੇ ਤਾਂ ਲੜਕੀ ਦੀ ਲਾਸ਼ ਬੈੱਡ ਬਾਕਸ ‘ਚ ਪਈ ਮਿਲੀ ਸੀ।
ਇਸ ਤੋਂ ਬਾਅਦ ਜਦੋਂ ਪੁਲਿਸ ਨੇ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਤਾਂ ਸਾਹਮਣੇ ਆਇਆ ਕਿ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਸ ਦੀ ਗਰਦਨ ‘ਤੇ ਉਂਗਲਾਂ ਦੇ ਨਿਸ਼ਾਨ ਸਨ। ਬੱਚੀ ਦੇ ਗੁਪਤ ਅੰਗਾਂ ‘ਚ ਵੀ ਖੂਨ ਵਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਡਾਬਾ ਥਾਣਾ ਪੁਲਸ ਨੇ ਸੋਨੂੰ ਖਿਲਾਫ ਆਈਪੀਸੀ ਦੀ ਧਾਰਾ 302, 376ਏ, 376-ਏਬੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਉਦੋਂ ਤੋਂ ਹੀ ਪੁਲਿਸ ਸੋਨੂੰ ਦੀ ਭਾਲ ਕਰ ਰਹੀ ਸੀ।
ਸੰਯੁਕਤ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਬੈੱਡ ਬਾਕਸ ਵਿੱਚ ਲੁਕੋ ਕੇ ਸੋਨੂੰ ਸਿੱਧਾ ਲੁਧਿਆਣਾ ਰੇਲਵੇ ਸਟੇਸ਼ਨ ਚਲਾ ਗਿਆ। ਉਸ ਕੋਲ ਕਿਰਾਏ ਲਈ ਪੈਸੇ ਨਹੀਂ ਸਨ, ਇਸ ਲਈ ਉਸ ਨੇ ਆਪਣਾ ਮੋਬਾਈਲ 250 ਰੁਪਏ ਵਿੱਚ ਵੇਚ ਦਿੱਤਾ। ਉਥੋਂ ਉਸ ਨੇ ਅੰਬਾਲਾ ਜਾਣ ਵਾਲੀ ਟਰੇਨ ਫੜੀ।
ਉਹ ਕਈ ਦਿਨ ਅੰਬਾਲਾ ਵਿਚ ਰਿਹਾ। ਇਸ ਤੋਂ ਬਾਅਦ ਉਹ ਹਰਿਦੁਆਰ ਅਤੇ ਉਥੋਂ ਦਿੱਲੀ ਚਲਿਆ ਗਿਆ। ਉਸ ਨੇ ਉਤਰਾਖੰਡ ਦੇ ਰਸਤੇ ਨੇਪਾਲ ਭੱਜਣ ਦੀ ਯੋਜਨਾ ਬਣਾਈ ਸੀ। ਹਾਲਾਂਕਿ ਪੁਲਿਸ ਟੀਮ ਨੇ ਉਸਦਾ ਪਿੱਛਾ ਕੀਤਾ ਅਤੇ ਨੇਪਾਲ ਬਾਰਡਰ ਤੋਂ ਉਸਨੂੰ ਫੜ ਲਿਆ।
ਪੁਲੀਸ ਅਨੁਸਾਰ ਮੁਲਜ਼ਮ ਨੇ ਦੱਸਿਆ ਕਿ ਉਹ ਪੰਜਾਬ ਦੇ ਕਈ ਬੈਂਕਾਂ ਵਿੱਚ ਵੀ ਕੰਮ ਕਰ ਚੁੱਕਾ ਹੈ। ਮੁਲਜ਼ਮ ਨੂੰ ਬਾਇਓਮੈਟ੍ਰਿਕ ਹਾਜ਼ਰੀ ਅਤੇ ਆਧਾਰ ਕਾਰਡ ਆਦਿ ਬਣਾਉਣ ਦੀ ਵੀ ਪੂਰੀ ਜਾਣਕਾਰੀ ਹੈ। ਇਸ ਕਾਰਨ ਉਸ ਨੇ ਮੋਬਾਈਲ ਦੀ ਵਰਤੋਂ ਨਹੀਂ ਕੀਤੀ। ਦੋਸ਼ੀ 2 ਦਿਨ ਹਰਿਦੁਆਰ ‘ਚ ਰਿਹਾ ਅਤੇ ਫਿਰ 3 ਦਿਨ ਰਿਸ਼ੀਕੇਸ਼ ‘ਚ ਕਿਸੇ ਬਾਬੇ ਦੇ ਡੇਰੇ ‘ਚ ਲੁਕ ਗਿਆ।
ਸੰਯੁਕਤ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮਾਂ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਗਿਆ ਹੈ। ਸਮਾਜਿਕ ਸੰਸਥਾ ਅਤੇ ਪੁਲਿਸ ਮਿਲ ਕੇ ਉਸ ਵਿਅਕਤੀ ਨੂੰ ਇਨਾਮ ਦੇਣਗੇ। ਇਸ ਮਾਮਲੇ ਨੂੰ ਫਾਸਟ ਟਰੈਕ ‘ਤੇ ਲਿਆਂਦਾ ਗਿਆ ਹੈ। ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇਗੀ।