ਚੰਡੀਗੜ੍ਹ, 16 ਸਤੰਬਰ 2022 – ਕੈਨੇਡਾ ਦੇ ਸਰੀ ‘ਚ ਪੰਜਾਬ ਤੋਂ ਪੜ੍ਹਾਈ ਕਰਨ ਗਏ ਨੌਜਵਾਨਾਂ ਨੇ ਰੱਜ ਕੇ ਹੰਗਾਮਾ ਕੀਤਾ ਅਤੇ ਕਈ ਨਿਯਮ ਤੋੜੇ। ਜਿਸ ਤੋਂ ਬਾਅਦ ਹੁਣ ਕੈਨੇਡੀਅਨ ਸਰਕਾਰ ਨੇ 40 ਦੇ ਕਰੀਬ ਪੰਜਾਬੀ ਨੌਜਵਾਨਾਂ ਨੂੰ ਨੌਜਵਾਨਾਂ ਵੱਲੋਂ ਨਿਯਮ ਤੋੜਨ, ਪੁਲਿਸ ਅਧਿਕਾਰੀ ਦੀ ਡਿਊਟੀ ਵਿੱਚ ਵਿਘਨ ਪਾਉਣ, ਕਾਰ ਨੂੰ ਘੇਰ ਕੇ ਬਾਹਰ ਨਿਕਲਣ ਅਤੇ ਰਸਤਾ ਰੋਕਣ ਦੇ ਦੋਸ਼ ਹੇਠ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧੀ ਕੈਨੇਡਾ ਪੁਲਿਸ ਦੇ ਕਾਂਸਟੇਬਲ ਸਰਬਜੀਤ ਸੰਘਾ ਨੇ ਉੱਥੇ ਇੱਕ ਸਥਾਨਕ ਰੇਡੀਓ ਨੂੰ ਦੱਸਿਆ ਕਿ ਹੰਗਾਮਾ ਕਰਨ ਵਿੱਚ ਸ਼ਾਮਲ ਸਾਰੇ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।
ਸੰਘਾ ਨੇ ਦੱਸਿਆ ਕਿ ਨੌਜਵਾਨ ਸਟ੍ਰਾਬੇਰੀ ਹਿੱਲ ਪਲਾਜ਼ਾ 72 ਐਵੀਨਿਊ ਵਿੱਚ ਘੁੰਮ ਰਹੇ ਸਨ। ਵਾਹਨਾਂ ‘ਤੇ ਸਪੀਕਰ ਲਗਾਏ ਹੋਏ ਸਨ। ਤਿੰਨ ਘੰਟੇ ਤੱਕ ਨੌਜਵਾਨ ਉੱਚੀ ਆਵਾਜ਼ ਵਿੱਚ ਸੰਗੀਤ ਵਜਾ ਰਹੇ ਸਨ।
ਨੌਜਵਾਨਾਂ ਦਾ ਟੋਲਾ ਹੁਲੜਬਾਜ਼ੀ ਕਰ ਰਿਹਾ ਸੀ। ਜਦੋਂ ਇੱਕ ਪੁਲਿਸ ਅਧਿਕਾਰੀ ਨੇ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਕਈ ਨੌਜਵਾਨਾਂ ਨੇ ਪੁਲਿਸ ਅਧਿਕਾਰੀ ਨੂੰ ਘੇਰ ਲਿਆ ਅਤੇ ਉਸ ਨਾਲ ਬਦਸਲੂਕੀ ਕੀਤੀ। ਪੁਲੀਸ ਮੁਲਾਜ਼ਮ ਨੌਜਵਾਨਾਂ ਨੂੰ ਟਰੈਫਿਕ ਨੋਟਿਸ ਜਾਰੀ ਕਰ ਰਹੇ ਸਨ। ਨੌਜਵਾਨਾਂ ਨੂੰ ਵਾਹਨਾਂ ਤੋਂ ਸਪੀਕਰ ਹਟਾਉਣ ਦੀ ਚਿਤਾਵਨੀ ਦਿੱਤੀ ਗਈ ਪਰ ਅਜਿਹਾ ਕਰਨ ਦੀ ਬਜਾਏ ਨੌਜਵਾਨਾਂ ਨੇ ਪੁਲੀਸ ਮੁਲਾਜ਼ਮਾਂ ਦੀ ਡਿਊਟੀ ’ਚ ਵਿਘਨ ਪਾਇਆ।
ਸੰਘਾ ਨੇ ਕਿਹਾ ਕਿ ਕੈਨੇਡਾ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ ਪਰ ਕੁਝ ਸ਼ਰਾਰਤੀ ਅਨਸਰ ਸੰਕਟ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੀਡੀਓ ਰਿਕਾਰਡਿੰਗ ਵਿੱਚ 40 ਨੌਜਵਾਨ, ਜ਼ਿਆਦਾਤਰ ਵਿਦਿਆਰਥੀ ਨਜ਼ਰ ਆ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਡਿਪੋਰਟ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸੰਘਾ ਨੇ ਕਿਹਾ ਕਿ ਕਈਆਂ ਨੂੰ ਪਹਿਲਾਂ ਹੀ ਡਿਪੋਰਟ ਕੀਤਾ ਜਾ ਚੁੱਕਾ ਹੈ। ਨੌਜਵਾਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਇੱਥੇ ਪੜ੍ਹਾਈ ਕਰਨ ਲਈ ਆ ਰਹੇ ਹਨ ਨਾ ਕਿ ਅਰਾਜਕਤਾ ਪੈਦਾ ਕਰਨ ਲਈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਅਜਿਹਾ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ।