ਅੰਮ੍ਰਿਤਸਰ, 19 ਅਗਸਤ 2022 – ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਕਾਰ ਵਿੱਚ ਬੰਬ ਰੱਖਣ ਵਾਲੇ ਚਾਚਾ-ਭਤੀਜੇ ਹਰਪਾਲ ਅਤੇ ਫਤਿਹਦੀਪ ਤੱਕ ਪੁਲਿਸ ਨੂੰ ਉਨ੍ਹਾਂ ਦੇ ਮੋਬਾਈਲਾਂ ਨੇ ਪਹੁੰਚਾਇਆ, ਜਿਸ ਤੋਂ ਬਾਅਦ ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਜੇਕਰ ਪੁਲਸ ਦੋਸ਼ੀਆਂ ਨੂੰ ਫੜਨ ‘ਚ ਥੋੜ੍ਹੀ ਦੇਰੀ ਕਰਦੀ ਤਾਂ ਦੋਵੇਂ ਦੋਸ਼ੀ ਮਾਲਦੀਵ ਭੱਜ ਗਏ ਹੁੰਦੇ, ਪਰ ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ।
ਬੰਬ 15-16 ਅਗਸਤ ਦੀ ਰਾਤ ਕਰੀਬ 3 ਵਜੇ ਲਾਇਆ ਗਿਆ ਸੀ। ਇਸ ਤੋਂ ਬਾਅਦ ਦੋਵੇਂ ਦਿੱਲੀ ਲਈ ਰਵਾਨਾ ਹੋ ਗਏ। 16 ਅਗਸਤ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੀ ਤਕਨੀਕੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਟੀਮ ਨੇ ਰਾਤ ਸਮੇਂ ਦਾ ਰਣਜੀਤ ਐਵੀਨਿਊ ‘ਚ ਐਕਟਿਵ ਮੋਬਾਇਲ ਫੋਨਾਂ ਦਾ ਡਾਟਾ ਸਰਚ ਕੀਤਾ। ਰਾਤ ਨੂੰ ਫੋਨ ਘੱਟ ਵਰਤੋਂ ਹੋਣ ਕਾਰਨ ਹਰਪਾਲ ਅਤੇ ਫਤਿਹਦੀਪ ਦਾ ਮੋਬਾਈਲ ਜਲਦੀ ਹੀ ਟਰੇਸ ਹੋ ਗਿਆ। ਮੋਬਾਈਲ ਦਾ ਸਿਗਨਲ ਹੀ ਪੰਜਾਬ ਪੁਲਿਸ ਨੂੰ ਦਿੱਲੀ ਲੈ ਗਿਆ।
ਦੋਵੇਂ ਮੁਲਜ਼ਮ ਹਰਪਾਲ ਅਤੇ ਫਤਿਹਦੀਪ ਨੇ ਰਣਜੀਤ ਐਵੀਨਿਊ ‘ਚ ਬੰਬ ਲਗਾਉਣ ਤੋਂ ਬਾਅਦ ਦਿੱਲੀ ਦਾ ਰਸਤਾ ਫੜ ਲਿਆ। ਦੋਵਾਂ ਨੇ ਰਾਤ ਸਮੇਂ ਕੈਨੇਡਾ ਬੈਠੇ ਲਖਬੀਰ ਸਿੰਘ ਲੰਡਾ ਨੂੰ ਫੋਨ ਕਰਕੇ ਬੰਬ ਲਾਉਣ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਲੰਡਾ ਨੇ ਦੋਵਾਂ ਨੂੰ ਫਲਾਈਟ ਫੜ ਕੇ ਜਲਦੀ ਕੈਨੇਡਾ ਆਉਣ ਲਈ ਕਿਹਾ। ਉਸ ਨੇ ਇਹ ਸੁਨੇਹਾ ਵੀ ਦਿੱਤਾ ਕਿ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੂੰ ਜਲਦੀ ਹੀ ਉਹਨਾਂ ਪੇਮੈਂਟ ਕਰ ਦੇਵੇਗਾ।
ਪੁਲੀਸ ਨੇ ਹਰਪਾਲ ਅਤੇ ਫਤਿਹਦੀਪ ਦੋਵਾਂ ਕੋਲੋਂ ਮਾਲਦੀਵ ਦੀਆਂ ਟਿਕਟਾਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ 4000 ਡਾਲਰ ਅਤੇ ਕਰੀਬ 2.50 ਲੱਖ ਰੁਪਏ ਦੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਉਸ ਨੂੰ ਇਹ ਪੈਸੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਰਿੰਦਾ ਤੋਂ ਹੀ ਮਿਲੇ ਹਨ।
ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਕਿ ਹਰਪਾਲ ਸਿੰਘ ਪੰਜਾਬ ਪੁਲੀਸ ਵਿੱਚ ਕਾਂਸਟੇਬਲ ਸੀ, ਪਰ ਉਸ ਦੇ ਪਹਿਲਾਂ ਤੋਂ ਹੀ ਵਿਦੇਸ਼ਾਂ ਵਿੱਚ ਬੈਠੇ ਦਹਿਸ਼ਤਗਰਦਾਂ ਅਤੇ ਗੈਂਗਸਟਰਾਂ ਨਾਲ ਸਬੰਧ ਸਨ। ਕੁਝ ਸਾਲ ਪਹਿਲਾਂ ਫਤਿਹਦੀਪ ਆਪਣੇ ਚਾਚੇ ਹਰਪਾਲ ਦੀ ਸੰਗਤ ਵਿਚ ਆ ਗਿਆ ਸੀ। ਉਸ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਫਤਿਹਦੀਪ ਨੂੰ ਉਸ ਦੇ ਪਰਿਵਾਰ ਨੇ ਬਾਹਰ ਕੱਢ ਦਿੱਤਾ ਸੀ।
ਫਤਿਹਦੀਪ ਦੇ ਪਿਤਾ ਤਰਸੇਮ ਸਿੰਘ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਸਨ ਅਤੇ ਅਕਾਲੀ ਦਲ ਦੇ ਕੈਰੋਂ ਪਰਿਵਾਰ ਦੇ ਨਜ਼ਦੀਕੀ ਸਨ। ਉਸ ਨੇ ਕੁਝ ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਆਪਣੇ ਪੁੱਤਰ ਦੀਆਂ ਗਲਤ ਹਰਕਤਾਂ ਤੋਂ ਦੁਖੀ ਹੋ ਕੇ ਹੀ ਇਹ ਕਦਮ ਚੁੱਕਿਆ ਸੀ ਪਰ ਫਤਿਹਦੀਪ ਅਤੇ ਹਰਪਾਲ ਦੀ ਗ੍ਰਿਫਤਾਰੀ ‘ਤੇ ਪਰਿਵਾਰ ਚੁੱਪ ਹੈ।