ਨਵੀਂ ਦਿੱਲੀ, 3 ਫਰਵਰੀ 2024 – 2018 ਤੋਂ ਲੈ ਕੇ ਹੁਣ ਤੱਕ ਵਿਦੇਸ਼ਾਂ ਵਿੱਚ 403 ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਸ ਸੰਬੰਧੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਨੇ ਲੋਕ ਸਭਾ ‘ਚ ਪੁੱਛੇ ਗਏ ਇੱਕ ਸਵਾਲ ‘ਚ ਦੇ ਜਵਾਬ ‘ਚ ਇਹ ਜਾਣਕਾਰੀ ਦਿੱਤੀ। ਇਸ ਬਾਰੇ ਉਨ੍ਹਾਂ ਕਿਹਾ ਕਿ “ਮੰਤਰਾਲੇ ਕੋਲ ਉਪਲਬਧ ਜਾਣਕਾਰੀ ਦੇ ਅਨੁਸਾਰ, ਕੁਦਰਤੀ ਕਾਰਨਾਂ, ਦੁਰਘਟਨਾਵਾਂ ਅਤੇ ਡਾਕਟਰੀ ਸਥਿਤੀਆਂ ਸਮੇਤ ਵੱਖ-ਵੱਖ ਕਾਰਨਾਂ ਕਰਕੇ 2018 ਤੋਂ ਹੁਣ ਤੱਕ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ 403 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।”
ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਸਭ ਤੋਂ ਵੱਧ 91 ਮੌਤਾਂ ਅਤੇ ਦੂਜੇ ਨੰਬਰ ‘ਤੇ ਯੂਕੇ ਹੈ ਜਿਥੇ 48 ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਭਲਾਈ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ।
ਉਨ੍ਹਾਂ ਕਿਹਾ ਕਿ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ 91, ਯੂਕੇ ਵਿੱਚ 48, ਰੂਸ ਵਿੱਚ 40, ਅਮਰੀਕਾ ਵਿੱਚ 36, ਆਸਟਰੇਲੀਆ ਵਿੱਚ 35, ਯੂਕਰੇਨ ਵਿੱਚ 21 ਅਤੇ ਜਰਮਨੀ ਵਿੱਚ 20 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਅੰਕੜਿਆਂ ਅਨੁਸਾਰ ਸਾਈਪ੍ਰਸ ਵਿੱਚ 14 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ, ਫਿਲੀਪੀਨਜ਼ ਅਤੇ ਇਟਲੀ ਵਿੱਚ 10-10 ਅਤੇ ਕਤਰ, ਚੀਨ ਅਤੇ ਕਿਰਗਿਸਤਾਨ ਵਿੱਚ 9-9 ਵਿਦਿਆਰਥੀਆਂ ਦੀ ਮੌਤ ਹੋਈ ਹੈ।