ਅੰਮ੍ਰਿਤਸਰ, 6 ਜੂਨ 2024 – ਬਲਿਊ ਸਟਾਰ ਅਪਰੇਸ਼ਨ (ਸਾਕਾ ਨੀਲਾ ਤਾਰਾ) ਦੀ ਅੱਜ 40ਵੀਂ ਬਰਸੀ ਹੈ। ਇਸ ਮੌਕੇ ਮੌਕੇ ਦਲ ਖ਼ਾਲਸਾ ਅਤੇ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ ਗਿਆ ਹੈ। ਅੱਜ ਵੀਰਵਾਰ ਸਵੇਰੇ ਸ਼ਹਿਰ ਅਤੇ ਬਾਜ਼ਾਰ ਬੰਦ ਰਹਿਣ ਦੀ ਸੰਭਾਵਨਾ ਹੈ। ਇਸ ਮੌਕੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਨੁਸਾਰ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਪੁਲੀਸ ਦੇ ਨਾਲ-ਨਾਲ ਸ਼ਹਿਰ ਵਿੱਚ ਵਿਸ਼ੇਸ਼ ਬਲ ਵੀ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲੀਸ ਨੇ ਹਰਿਮੰਦਰ ਸਾਹਿਬ ਦੇ ਅੰਦਰ ਵੀ ਸਾਦੇ ਕੱਪੜਿਆਂ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਹੈ।
ਸਵੇਰੇ 9.30 ਵਜੇ ਅਰਦਾਸ ਉਪਰੰਤ ਸਿੱਖ ਜਥੇਬੰਦੀਆਂ ਵੱਲੋਂ ਸ਼ਹਿਰ ਵੱਲ ਮਾਰਚ ਕੀਤਾ ਜਾਵੇਗਾ। ਦਲ ਖਾਲਸਾ ਨੇ ਅੱਜ ਸ਼ਾਂਤਮਈ ਬੰਦ ਦਾ ਸੱਦਾ ਦਿੱਤਾ ਹੈ। ਇਸ ਤੋਂ ਬਿਨਾਂ ਇਸ ਮੌਕੇ ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੌਮ ਨੂੰ ਸੰਦੇਸ਼ ਪੜ੍ਹ ਕੇ ਸੁਣਾਉਣਗੇ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਉਪਰੰਤ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਵੀ ਉਸ ਨੂੰ ਬਾਹਰ ਲਿਆਉਣ ਲਈ ਯਤਨ ਸ਼ੁਰੂ ਕਰੇਗਾ। ਅੰਮ੍ਰਿਤਪਾਲ ਦੇ ਮਾਤਾ-ਪਿਤਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸ਼ਹੀਦੀ ਦਿਵਸ ਹੋਣ ਕਾਰਨ ਲੋਕ ਸਭਾ ਸੀਟ ਜਿੱਤਣ ਦੇ ਸਾਰੇ ਪ੍ਰੋਗਰਾਮ 6 ਜੂਨ ਤੋਂ ਬਾਅਦ ਹੀ ਹੋਣਗੇ।
ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲਿਆਉਣ ਲਈ ਵਕੀਲਾਂ ਦੀ ਰਾਏ ਲਈ ਜਾਵੇਗੀ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਹੀ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚੀ ਸੀ ਅਤੇ ਉਸ ਨਾਲ ਮੁਲਾਕਾਤ ਕੀਤੀ ਸੀ।