- ਝੋਨੇ ਦੀ ਕਟਾਈ ਹੋਣ ਉਪਰੰਤ ਸ਼ੁਰੂ ਹੋਵੇਗਾ ਕੰਮ
- ਪਿੰਡਾਂ ਦੇ ਨੀਂਵੇਂ ਇਲਾਕਿਆਂ ਵਿਚ ਮੀਂਹ ਦਾ ਪਾਣੀ ਭਰਨ ਦੀ ਸਮੱਸਿਆ ਤੋਂ ਮਿਲੇਗੀ ਰਾਹਤ
ਮਲੋਟ, 26 ਅਕਤੂਬਰ 2023 – ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਲੋਟ ਹਲਕੇ ਦੇ ਪਿੰਡਾਂ ਵਿਚੋਂ ਬਾਰਿਸ਼ਾਂ ਦੇ ਪਾਣੀ ਦੀ ਤੇਜੀ ਨਾਲ ਨਿਕਾਸੀ ਲਈ 1286.22 ਲੱਖ ਰੁਪਏ ਨਾਲ 47 ਹਜਾਰ 300 ਫੁੱਟ ਲੰਬੀ ਪਾਇਪ ਲਾਇਨ ਪਾਉਣ ਦਾ ਪ੍ਰੋਜ਼ੈਕਟ ਮੰਜੂਰ ਕੀਤਾ ਗਿਆ ਹੈ।
ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾ: ਬਲਜੀਤ ਕੌਰ ਨੇ ਦਿੱਤੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਹਲਕੇ ਦੇ ਕਈ ਪਿੰਡਾਂ ਦੀ ਆਬਾਦੀ ਨੀਵੇਂ ਥਾਂਵਾਂ ਤੇ ਹੈ ਅਤੇ ਅਕਸਰ ਬਾਰਿਸਾਂ ਸਮੇਂ ਇੱਥੇ ਪਾਣੀ ਭਰ ਜਾਂਦਾ ਹੈ ਜਦ ਕਿ ਗੰਦੇ ਪਾਣੀ ਦੀ ਨਿਕਾਸੀ ਲਈ ਵੀ ਢੁੱਕਵਾਂ ਪ੍ਰਬੰਧ ਨਹੀਂ ਸੀ। ਜਿਸ ਕਾਰਨ ਅਜਿਹੇ ਪਿੰਡਾਂ ਦੇ ਲੋਕਾਂ ਨੂੰ ਵੱਡੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਮੀਂਹ ਦਾ ਪਾਣੀ ਕਈ ਕਈ ਦਿਨ ਤੱਕ ਖੜ੍ਹਾ ਰਹਿੰਦਾ ਸੀ ਜਿਸ ਨਾਲ ਬਿਮਾਰੀ ਫੈਲਣ ਦੇ ਡਰ ਦੇ ਨਾਲ ਨਾਲ ਇਸ ਨਾਲ ਘਰਾਂ ਨੂੰ ਵੀ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਸੀ।ਪਰ ਹੁਣ ਪੰਜਾਬ ਸਰਕਾਰ ਨੇ ਇੰਨ੍ਹਾਂ ਪਿੰਡਾਂ ਤੋਂ ਪਾਇਪ ਲਾਇਨ ਪਾ ਕੇ ਪਾਣੀ ਦੀ ਨਿਕਾਸੀ ਕਰਨ ਦਾ ਪ੍ਰੋਜ਼ੈਕਟ ਪ੍ਰਵਾਨ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾ ਪ੍ਰੋਜ਼ੈਕਟਾਂ ਤੇ ਕੰਮ ਝੋਨੇ ਦੀ ਵਾਢੀ ਤੋਂ ਬਾਅਤ ਸੁ਼ੁਰੂ ਕਰਵਾ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਚਿਬੜਾਂਵਾਲੀ ਅਤੇ ਖੁੰਨਨ ਖੁਰਦ ਵਿਚੋਂ ਪਾਣੀ ਦੀ ਨਿਕਾਸੀ ਲਈ 486.43 ਲੱਖ ਰੁਪਏ ਨਾਲ 18000 ਫੁੱਟ ਲੰਬੀ ਪਾਇਪ ਪਾਈ ਜਾਵੇਗੀ। ਇਸੇ ਤਰਾਂ ਪਿੰਡ ਲਖਮੀਰੇਆਣਾ ਵਿਚ 390.52 ਲੱਖ ਰੁਪਏ ਨਾਲ 14000 ਫੁੱਟ ਲੰਬੀ ਪਾਇਪ ਲਾਇਨ ਵਿਛਾਈ ਜਾਵੇਗੀ। ਪਿੰਡ ਬਾਮ ਵਿਚ 218.37 ਲੱਖ ਰੁਪਏ ਨਾਲ 6300 ਫੁੱਟ ਲੰਬੀ ਪਾਇਪ ਲਾਇਨ ਵਿਛਾਈ ਜਾਵੇਗੀ। ਪਿੰਡ ਰੱਥੜੀਆਂ ਵਿਚ 218.37 ਲੱਖ ਰੁਪਏ ਨਾਲ 9000 ਫੁੱਟ ਲੰਬੀ ਪਾਇਪ ਲਾਇਨ ਪਾਈ ਜਾਵੇਗੀ।
ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਇੰਨ੍ਹਾਂ ਪ੍ਰੋਜ਼ੈਕਟਾਂ ਲਈ ਮੁੱਖ ਮੰਰਤੀ ਸ: ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਲਈ ਨਿਰੰਤਰ ਪ੍ਰੋਜ਼ੈਕਟ ਬਣਾ ਕੇ ਲਾਗੂ ਕੀਤੇ ਜਾ ਰਹੇ ਹਨ। ਇਹ ਪਾਇਪ ਲਾਈਨ ਪਾਉਣ ਦਾ ਕੰਮ ਜਲ ਸਰੋਤ ਵਿਭਾਗ ਦੀ ਡ੍ਰੇਨਜ ਕਮ ਮਾਇਨਿੰਗ ਐਂਡ ਜਿਓਲੌਜੀ ਡਵੀਜਨ ਵੱਲੋਂ ਕਰਵਾਇਆ ਜਾਵੇਗਾ।