ਐੱਸ ਏ ਐੱਸ ਨਗਰ, 28 ਜੁਲਾਈ 2022 – ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਨੇ ਅਧਿਆਪਕਾਂ ਦੀਆਂ ਵੱਖ-ਵੱਖ ਵਿਸ਼ਿਆਂ ਦੀਆਂ 4902 ਅਸਾਮੀਆਂ ਦੀ ਭਰਤੀ ਲਈ ਵਿਸ਼ਾਵਾਰ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ।
ਅਧਿਆਪਕਾਂ ਦੀਆਂ ਇਨ੍ਹਾਂ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਇਸ ਪ੍ਰਕਾਰ ਹੋਵੇਗੀ; ਸੋਸ਼ਲ ਸਾਇੰਸ ਦੇ ਵਿਸ਼ੇ ਦੀ ਪ੍ਰੀਖਿਆ 21 ਅਗਸਤ 2022 ਨੂੰ ਸਵੇਰੇ 9.30 ਵਜੇ ਤੋਂ 12.00 ਵਜੇ ਤੱਕ, ਪੰਜਾਬੀ ਵਿਸੇ ਦੀ ਪ੍ਰੀਖਿਆ 21 ਅਗਸਤ, 2022 ਨੂੰ ਬਾਅਦ ਦੁਪਹਿਰ 2:30 ਵਜੇ ਤੋਂ ਸ਼ਾਮ 05 ਵਜੇ ਤੱਕ, ਮੈਥ ਵਿਸ਼ੇ ਦੀ ਪ੍ਰੀਖਿਆ 28 ਅਗਸਤ, 2022 ਨੂੰ ਸਵੇਰੇ 9:30 ਤੋਂ 12:00 ਵਜੇ ਤੱਕ, ਹਿੰਦੀ ਵਿਸ਼ੇ ਦੀ ਪ੍ਰੀਖਿਆ 28 ਅਗਸਤ, 2022 ਨੂੰ ਬਾਅਦ ਦੁਪਹਿਰ 2:30 ਵਜੇ ਤੋਂ 05:00 ਵਜੇ ਤੱਕ, ਫਿਜ਼ੀਕਲ ਐਜੂਕੇਸ਼ਨ ਦੀ ਪ੍ਰੀਖਿਆ 04 ਸਤੰਬਰ, 2022 ਨੂੰ ਸਵੇਰੇ 09:30 ਤੋਂ 12:00 ਵਜੇ ਤੱਕ, ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ 04 ਸਤੰਬਰ, 2022 ਨੂੰ ਬਾਅਦ ਦੁਪਹਿਰ 2:30 ਤੋਂ 05:00 ਵਜੇ ਤੱਕ, ਸਾਇੰਸ ਦੇ ਵਿਸ਼ੇ ਦੀ ਪ੍ਰੀਖਿਆ 11 ਸਤੰਬਰ 2022 ਨੂੰ ਸਵੇਰੇ 09:30 ਤੋਂ 12:00 ਵਜੇ ਤੱਕ ਅਤੇ ਮਿਊਜ਼ਿਕ (ਸੰਗੀਤ) ਵਿਸ਼ੇ ਦੀ ਪ੍ਰੀਖਿਆ ਤੋਂ 2:30 ਵਜੇ ਤੋਂ 05:00 ਵਜੇ ਤੱਕ ਹੋਵੇਗੀ। ਉਮੀਦਵਾਰਾਂ ਨੂੰ ਟੈਸਟ ਸਥਾਨ ਦੀ ਜਾਣਕਾਰੀ ਰੋਲ ਨੰਬਰ ਦੇ ਨਾਲ ਦਿੱਤੀ ਜਾਵੇਗੀ।
ਇਸ ਇਸ਼ਤਿਹਾਰ ਦੀਆਂ ਸ਼ਰਤਾਂ ਅਨੁਸਾਰ ਭਰਤੀ ਲਈ 150 ਅੰਕਾਂ ਦਾ ਲਿਖਤੀ ਟੈਸਟ ਜਿਸ ਦਾ ਸਮਾਂ 2:30 ਘੰਟੇ ਦਾ ਹੋਵੇਗਾ ਅਤੇ ਜਿਸ ਵਿੱਚ 150 ਪ੍ਰਸ਼ਨ ਪੁੱਛੇ ਜਾਣਗੇ। ਸਮਾਜਿਕ ਸਿੱਖਿਆ ਵਿਸ਼ੇ ਦੇ 4 ਆਪਸ਼ਨਲ ਵਿਸ਼ਿਆਂ ਵਿੱਚੋਂ ਉਮੀਦਵਾਰ ਨੇ ਕੋਈ 2 ਆਪਸ਼ਨਲ ਵਿਸ਼ੇ ਅਤੇ ਸਾਇੰਸ ਵਿਸ਼ੇ ਨਾਲ ਸਬੰਧਤ 5 ਆਪਸ਼ਨਲ ਵਿਸ਼ਿਆਂ ਵਿੱਚੋਂ ਉਮੀਦਵਾਰ ਨੇ ਕੋਈ 2 ਆਪਸ਼ਨਲ ਵਿਸ਼ੇ ਲੈਂਦੇ ਹੋਏ ਸਬੰਧਤ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਦੇਣੀ ਹੈ।
ਦੱਸਣਯੋਗ ਹੈ ਕਿ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਸਕੂਲ ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ ਦੀ ਭਰਤੀ ਵਾਸਤੇ 16 ਦਸੰਬਰ 2021 ਨੂੰ 4161 ਨਵੀਂਆਂ ਅਤੇ ਬੈਕਲਾਗ ਦੀਆਂ ਅਸਾਮੀਆਂ ਭਰਨ ਲਈ ਵਿਸ਼ਾਵਾਰ ਇਸ਼ਤਿਹਾਰ ਦਿੱਤਾ ਸੀ। ਇਨ੍ਹਾਂ 4161 ਅਸਾਮੀਆਂ ਦੇ ਇਸ਼ਤਿਹਾਰ ਦੇ ਅਨੁਸਾਰ ਸਾਇੰਸ ਵਿਸ਼ੇ ਦੀਆਂ 859, ਅੰਗਰੇਜ਼ੀ ਵਿਸ਼ੇ ਦੀਆਂ 790, ਮੈਥ ਵਿਸ਼ੇ ਦੀਆਂ 912, ਹਿੰਦੀ ਵਿਸ਼ੇ ਦੀਆਂ 240, ਸ਼ੋਸ਼ਲ ਸਾਇੰਸ ਵਿਸ਼ੇ ਦੀਆਂ 633, ਪੰਜਾਬੀ ਵਿਸ਼ੇ ਦੀਆਂ 534, ਸਰੀਰਕ ਸਿੱਖਿਆ ਵਿਸ਼ੇ ਦੀਆਂ 168 ਅਤੇ ਸੰਗੀਤ ਵਿਸ਼ੇ ਦੀਆਂ 25 ਅਸਾਮੀਆਂ ਇਸ ਵਿਸਾਵਾਰ ਪ੍ਰੀਖਿਆ ਦੇ ਆਧਾਰ ਤੇ ਭਰੀਆਂ ਜਾਣੀਆਂ ਹਨ। ਇਸੇ ਤਰਾਂ ਹੀ 31 ਮਾਰਚ 2021 ਨੂੰ 135 ਹੈਂਡੀਕੈਪ ਬੈਕਲਾਗ ਦੀਆਂ ਅਸਾਮੀਆਂ ਵਿੱਚੋਂ ਹਿੰਦੀ ਦੀਆਂ 4 ਅਸਾਮੀਆਂ 23 ਜੁਲਾਈ 2021 ਨੂੰ ਜੇਲ੍ਹ ਵਿਭਾਗ ਦੀਆਂ 4 ਵੱਖ-ਵੱਖ ਵਿਸ਼ਿਆਂ ਦੀਆਂ ਅਸਾਮੀਆਂ ਅਤੇ 17 ਅਗਸਤ 2021 ਨੂੰ 598 ਵੱਖ-ਵੱਖ ਵਿਸ਼ਿਆਂ ਦੀਆਂ ਮਾਸਟਰ ਕਾਡਰ ਵਿੱਚ ਬੈਕਲਾਗ ਦੀਆਂ ਅਸਾਮੀਆਂ ਵੀ ਇਸ ਵਿਸਾਵਾਰ ਪ੍ਰੀਖਿਆ ਦੇ ਆਧਾਰ ਤੇ ਹੀ ਭਰੀਆਂ ਜਾਣੀਆਂ ਹਨ।