- ਆਮ ਲੋਕਾਂ ਨੇ 3 ਸਾਈਟਾਂ ‘ਤੇ ਸਸਤੀਆਂ ਦਰਾਂ ਉਤੇ ਰੇਤਾ ਮਿਲਣ ‘ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਰੂਪਨਗਰ, 11 ਫ਼ਰਵਰੀ 2023: ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਜਨਤਾ ਨੂੰ ਹਰ ਇੱਕ ਸਹੂਲਤ ਉਨ੍ਹਾਂ ਦੇ ਘਰਾਂ ਦੇ ਨੇੜ੍ਹੇ ਦੇਣ ਦੇ ਲਈ ਆਪਣੇ ਕੀਤੇ ਵਾਅਦੇ ਪੂਰੇ ਕਰ ਰਹੀ ਹੈ ਜਿਸ ਤਹਿਤ ਜ਼ਿਲ੍ਹਾ ਰੂਪਨਗਰ ਵਿਚ 5.5 ਰੁਪਏ ਪ੍ਰਤੀ ਕਿਊਬਕ ਫੁੱਟ (ਜੀ.ਐਸ.ਟੀ. ਅਲੱਗ) ਰੇਤਾ ਮਿਲਣ ਨਾਲ ਆਮ ਲੋਕਾਂ ਵਲੋਂ ਭਾਰੀ ਉਤਸ਼ਾਹ ਮਿਲ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮਾਈਨਿੰਗ ਵਿਭਾਗ ਦੇ ਐਕਸੀਅਨ ਰੁਪਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਇਸ ਲੋਕ ਪੱਖੀ ਫੈਸਲੇ ਨਾਲ ਆਮ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਰੇਤਾ ਯਕੀਨੀ ਤੌਰ ਉੱਤੇ ਮਿਲ ਰਿਹਾ ਹੈ ਤੇ ਇਸ ਦੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ। ਰੇਤੇ ਦੀ ਨਿਕਾਸੀ ਨੂੰ ਹੋਰ ਸੁਖਾਲਾ ਕਰਨ ਲਈ ਮਾਈਨਿੰਗ ਵਿਭਾਗ ਨੇ ਪਿੰਡ ਮਾਲੇਆਲ, ਮਲਾਣਾ ਅਤੇ ਸੁਲਤਾਨਪੁਰ ਵਿਖੇ ਟਰਾਲੀਆਂ ਲਈ ਰਸਤਾ ਵੀ ਬਣਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਰੂਪਨਗਰ ਦੇ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ 3 ਰੇਤੇ ਦੀਆਂ ਸਾਈਟਾਂ ਸ਼ੁਰੂ ਕਰਨ ਉਪਰੰਤ ਪਿੰਡ ਮੁਲਾਣਾ ਸਮੇਤ ਪਿੰਡ ਸੁਲਤਾਨਪੁਰ ਅਤੇ ਮਾਲੇਵਾਲ ਰੇਤ ਦੀਆਂ ਸਾਈਟਾਂ ਦੀ ਨਿਕਾਸੀ ਸ਼ੁਰੂ ਹੋ ਗਈ ਹੈ ਜਿੱਥੇ ਇਸ ਨਾਲ ਆਮ ਲੋਕਾਂ ਨੂੰ ਰੇਤਾ ਆਸਾਨੀ ਨਾਲ ਮਿਲਣਾ ਸ਼ੁਰੂ ਹੋ ਗਿਆ ਹੈ ਉੱਥੇ ਕਈ ਘਰਾਂ ਦੇ ਚੁੱਲ੍ਹੇ ਫ਼ਿਰ ਤੋਂ ਬਲ਼ ਪਏ ਹਨ।
ਰੁਪਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਰੇਤ ਦੀ ਨਿਕਾਸੀ ਬੰਦ ਹੋਣ ਕਾਰਨ ਬੇਰੁਜ਼ਗਾਰ ਹੋਏ ਖੜ੍ਹੀਆਂ ਟਰੈਕਟਰ-ਟਰਾਲੀਆਂ ਦੇ ਮਾਲਕਾਂ ਅਤੇ ਭਰਾਈ ਕਰਨ ਵਾਲੀ ਲੇਬਰ ਪੂਰੇ ਜ਼ੋਰ-ਸ਼ੋਰ ਨਾਲ ਫ਼ਿਰ ਤੋਂ ਕੰਮ ‘ਤੇ ਲੱਗ ਗਏ ਹਨ। ਜਿਸ ਨਾਲ ਉਨ੍ਹਾਂ ਦੀ ਆਮਦਨ ਮੁੜ ਸ਼ੁਰੂ ਹੋ ਗਈ ਹੈ।
ਉਨ੍ਹਾ ਕਿਹਾ ਕਿ ਰੇਤੇ ਦੀਆਂ ਇਨ੍ਹਾਂ ਸਾਈਟਾਂ ਤੋਂ ਰੂਪਨਗਰ ਤੋਂ ਇਲਾਵਾ ਮੋਰਿੰਡਾ, ਫਤਿਹਗੜ੍ਹ ਸਾਹਿਬ, ਕੁਰਾਲੀ ਅਤੇ ਖੰਨੇ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਸਸਤੇ ਰੇਟ ਉੱਤੇ ਰੇਤਾ ਖਰੀਦਣ ਲਈ ਆ ਰਹੇ ਹਨ। ਉਨ੍ਹਾ ਕਿਹਾ ਕਿ ਇਨ੍ਹਾਂ ਸਾਈਟਾਂ ਵਿਚ ਸਾਫ ਅਤੇ ਵਧੀਆ ਰੇਤਾ ਉਪਲੱਬਧ ਹੈ।
ਪਿੰਡ ਮੁਲਾਣਾ ਵਿਖੇ ਸੋਮਵਾਰ ਨੂੰ ਪਿੰਡ ਧਨੌਰੀ ਤੋਂ 200 ਫੁੱਟ ਰੇਤੇ ਦੀ ਟਰਾਲੀ ਭਰਨ ਆਏ ਉਪਭੋਗਤਾ ਦਾ ਕਹਿਣਾ ਸੀ ਕਿ ਭਗਵੰਤ ਮਾਨ ਸਰਕਾਰ ਨੇ 15 ਸਾਲ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਹੈ ਜਦੋਂ ਰੇਤਾ ਜਿਸ ਨੂੰ ਵੀ ਲੋੜ ਹੁੰਦੀ ਸੀ, ਉਹ ਆਸਾਨੀ ਨਾਲ ਪ੍ਰਾਪਤ ਕਰ ਲੈਂਦਾ ਸੀ। ਉਸ ਨੇ ਕਿਹਾ ਕਿ ਰੇਤ ਦੀ ਢੋਆ-ਢੁਆਈ ਕੁੱਝ ਲੋਕਾਂ ਤੇ ਵੱਡੇ ਵਾਹਨਾਂ ਤੱਕ ਸੀਮਤ ਹੋਣ ਨਾਲ ਸੈਂਕੜੇ ਲੋੜਵੰਦ ਲੋਕਾਂ ਨੂੰ ਘਰ ਵਿਹਲੇ ਬਿਠਾ ਗਈ ਸੀ ਪਰ ਹੁਣ ਪੁਰਾਣਾ ਸਮਾਂ ਮੁੜ ਆਇਆ ਹੈ।
ਇਸ ਮੌਕੇ ਰੇਤਾ ਲੈਣ ਆਏ ਇੱਕ ਹੋਰ ਉਪਭੋਗਤਾ ਦਾ ਕਹਿਣਾ ਸੀ ਕਿ ਰੇਤੇ ਦੀ ਸਰਕਾਰ ਵੱਲੋਂ ਸਸਤੀ ਕੀਤੀ ਕੀਮਤ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਕੇਵਲ ਸਾਢੇ ਪੰਜ ਰੁਪਏ ਫੁੱਟ ‘ਚ ਰੇਤ ਮਿਲਣਾ ਉਸ ਵਰਗੇ ਗਰੀਬ ਲੋਕਾਂ ਦੇ ਸੁਪਨੇ ਸੱਚ ਕਰਨ ਵਾਂਗ ਹੈ।
ਪਿੰਡ ਰਸੀਦਪੁਰ ਤੋਂ ਰੇਤ ਭਰਨ ਆਏ ਨੌਜੁਆਨ ਦਾ ਕਹਿਣਾ ਸੀ ਕਿ ਅੱਜ ਉਸ ਨੂੰ 5.50 ਰੁਪਏ ਪ੍ਰਤੀ ਘਣ ਫੁੱਟ ਰੇਤਾ ਮਿਲਿਆ ਹੈ। ਉਸ ਦਾ ਕਹਿਣਾ ਹੈ ਕਿ ਬੀਤੇ ਕੁੱਝ ਸਮੇਂ ਤੋਂ ਆਮ ਲੋਕਾਂ ਲਈ ਰੇਤਾ ਲੈਣਾ ਤੇ ਘਰ ਪਾਉਣੇ ਮੁਸ਼ਕਿਲ ਬਣਿਆ ਹੋਇਆ ਸੀ ਪਰ ਹੁਣ ਲੱਗਦਾ ਹੈ ਕਿ ਲੋਕਾਂ ਨੂੰ ਸਸਤੀ ਰੇਤ ਮਿਲਣ ਨਾਲ ਉਨ੍ਹਾਂ ਦੀਆਂ ਕਈ ਮੁਸ਼ਕਿਲਾਂ ਹੱਲ ਹੋ ਜਾਣਗੀਆਂ।
ਐਕਸੀਅਨ ਮਾਈਨਿੰਗ ਰੂਪਨਗਰ ਸ. ਰੁਪਿੰਦਰ ਸਿੰਘ ਪਾਬਲਾ ਅਨੁਸਾਰ ਕਲ੍ਹ ਸ਼ੁਰੂ ਹੋਈਆਂ ਦੋਵੇਂ ਰੇਤ ਖਾਣਾਂ ਤੋਂ ਰੇਤ ਲੈਣ ਲਈ ਸਵੇਰੇ 7 ਵਜੇ ਤੋਂ ਹੀ ਟਰਾਲੀਆਂ ਦੀਆਂ ਕਤਾਰਾਂ ਜੁੜ ਰਹੀਆਂ ਹਨ। ਰੇਤ ਦੀ ਭਰਾਈ ਸ਼ਾਮ 5 ਵਜੇ ਤੱਕ ਹੀ ਕਰਵਾਈ ਜਾਵੇਗੀ ਅਤੇ ਹਰ ਇੱਕ ਟਰਾਲੀ ਵਾਲੇ ਦਾ ਨੰਬਰ ਉਸ ਦੀ ਵਾਰੀ ਦੇ ਹਿਸਾਬ ਨਾਲ ਲਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਮੈਨੂਅਲ ਭਰਾਈ (ਪੋਕਲੇਨ ਤੇ ਜੇ ਸੀ ਬੀ ਦੀ ਮਨਾਹੀ) ਕਾਰਨ ਇੱਕ ਟਰਾਲੀ ਨੂੰ ਕਰੀਬ ਅੱਧਾ ਘੰਟਾ ਭਰਨ ‘ਚ ਲੱਗਦਾ ਹੈ, ਜਿਸ ਲਈ 6 ਤੋਂ 8 ਕਾਮਿਆਂ ਦੀ ਟੀਮ ਕੰਮ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਭਾਵੇਂ ਮਾਈਨਜ਼ ਤੇ ਜਿਓਲੋਜੀ ਵਿਭਾਗ ਦਾ ਭਰਾਈ ਵਾਲੀ ਲੇਬਰ ਨਾਲ ਕੋਈ ਸਬੰਧ ਨਹੀਂ ਪਰ ਟਰਾਲੀ ਚਾਲਕ ਜਾਂ ਰੇੜਾ ਚਾਲਕ ਲੇਬਰ ਵੱਲੋਂ ਕੀਤੇ ਜਾ ਰਹੇ ਸਹਿਯੋਗ ਤੋਂ ਖੁਸ਼ ਹਨ। ਰੇਤ ਭਰਨ ਵਾਲੀ ਟਰਾਲੀ ਲਈ ਜਾਣ ਮੌਕੇ ਰੇਤ ਨੂੰ ਉਡਣ ਤੋਂ ਬਚਾਉਣ ਲਈ ਟਰਾਲੀ ਨੂੰ ਢੱਕ ਕੇ ਲਿਜਾਣਾ ਵੀ ਲਾਜ਼ਮੀ ਹੈ।