- ਖੇਤ ਮਾਲਕ ਨੇ ਰੇਂਜ ਮੁਲਾਜ਼ਮ ‘ਤੇ ਲਾਏ ਦੋਸ਼
ਹੁਸ਼ਿਆਰਪੁਰ, 20 ਜੂਨ 2024 – ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੈਰਾ ਦੇ ਖੇਤਾਂ ਵਿੱਚ ਕੌਮੀ ਪੰਛੀ ਮੋਰ ਮਰੇ ਹੋਏ ਮਿਲੇ। ਸ਼ਿਕਾਰੀ ਮੋਰ ਦੇ ਖੰਭ, ਗਰਦਨ ਅਤੇ ਸਿਰ ਨੂੰ ਛੱਡ ਕੇ ਬਾਕੀ ਦੇ ਸਰੀਰ ਨੂੰ ਨਾਲ ਲੈ ਗਏ ਸਨ। ਸੂਚਨਾ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮੋਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਪਿੰਡ ਮੈਰਾ ਦੇ ਧਾਰਮਿਕ ਸਥਾਨ ਦੇ ਮੁਖੀ ਹਰਮੇਸ਼ ਲਾਲ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ ਵਿੱਚ ਗਿਆ ਤਾਂ ਉੱਥੇ ਮੋਰ ਮਰੇ ਪਏ ਦੇਖੇ। ਇਸ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਵਾਈਲਡ ਲਾਈਫ ਰੇਂਜ ਅਫ਼ਸਰ ਰਾਜਪਾਲ ਸਿੰਘ ਆਪਣੇ ਸਟਾਫ਼ ਨਾਲ ਪਹੁੰਚੇ ਅਤੇ ਮੋਰਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਮੌਕੇ ’ਤੇ ਸ਼ਿਕਾਰੀਆਂ ਨੇ ਮੋਰ ਨੂੰ ਫਸਾਣ ਲਈ ਖੇਤਾਂ ਵਿੱਚ ਮੱਕੀ ਦੇ ਦਾਣੇ ਪਾਏ ਹੋਏ ਸਨ ਅਤੇ ਝਾੜੀਆਂ ਵਿੱਚ ਕਈ ਥਾਵਾਂ ’ਤੇ ਸ਼ਿਕੰਜੇ ਲਾਏ ਹੋਏ ਸਨ।
ਹਰਮੇਸ਼ ਲਾਲ ਨੇ ਦੋਸ਼ ਲਾਇਆ ਕਿ ਜਦੋਂ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਗਿਆ ਤਾਂ ਇੱਕ ਮੁਲਾਜ਼ਮ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਸ ਦੇ ਖੇਤ ਵਿੱਚ ਮਰੇ ਹੋਏ ਪੰਛੀ ਮਿਲੇ ਹਨ। ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਹਰਮੇਸ਼ ਲਾਲ ਨੇ ਕਿਹਾ ਕਿ ਜੇਕਰ ਅਸੀਂ ਗਲਤ ਕੀਤਾ ਹੁੰਦਾ ਤਾਂ ਅਸੀਂ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕਿਉਂ ਕਰਦੇ। ਅਧਿਕਾਰੀਆਂ ਨੂੰ ਆਪਣਾ ਲਾਪਰਵਾਹ ਰਵੱਈਆ ਬੰਦ ਕਰਨਾ ਚਾਹੀਦਾ ਹੈ ਅਤੇ ਰਾਸ਼ਟਰੀ ਪੰਛੀ ਨੂੰ ਮਾਰਨ ਵਾਲਿਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ।
ਜੰਗਲੀ ਜੀਵ ਰੇਂਜ ਅਧਿਕਾਰੀ ਰਾਜਪਾਲ ਸਿੰਘ ਨੇ ਦੱਸਿਆ ਕਿ ਸਾਰੇ ਪੰਜ ਮੋਰ ਮਰੇ ਹੋਏ ਪਾਏ ਗਏ ਹਨ। ਉਨ੍ਹਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਇੱਕ-ਦੋ ਦਿਨਾਂ ਵਿੱਚ ਆਉਣ ਤੋਂ ਬਾਅਦ ਐਫਆਈਆਰ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੇ ਕਿਸੇ ਨੂੰ ਧਮਕੀ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਖ਼ਿਲਾਫ਼ ਕੋਈ ਗਲਤ ਕੇਸ ਦਰਜ ਕੀਤਾ ਜਾਵੇਗਾ।