ਚੰਡੀਗੜ੍ਹ, 24 ਸਤੰਬਰ 2024 – ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿੱਚ ਢਾਈ ਸਾਲਾਂ ਵਿੱਚ ਚੌਥੀ ਵਾਰ ਮੰਤਰੀ ਮੰਡਲ ਵਿੱਚ ਫੇਰਬਦਲ ਕੀਤਾ ਗਿਆ ਹੈ। ਜਿਸ ਲਈ 5 ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਹੈ। ਹੁੰ ਚੁੱਕਣ ਵਾਲੇ ਨਵੇਂ ਮੰਤਰੀਆਂ ਵਿੱਚ ਹਰਦੀਪ ਸਿੰਘ ਮੁੰਡੀਆਂ (ਵਿਧਾਇਕ ਸਾਹਨੇਵਾਲ), ਬਰਿੰਦਰ ਕੁਮਾਰ ਗੋਇਲ (ਵਿਧਾਇਕ ਲਹਿਰਾ), ਤਰੁਨਪ੍ਰੀਤ ਸਿੰਘ ਸੌਂਦ (ਵਿਧਾਇਕ ਖੰਨਾ), ਡਾ. ਰਵਜੋਤ ਸਿੰਘ (ਵਿਧਾਇਕ ਸ਼ਾਮਚੁਰਾਸੀ) ਅਤੇ ਮਹਿੰਦਰ ਭਗਤ (ਵਿਧਾਇਕ ਜਲੰਧਰ ਪੱਛਮੀ) ਸ਼ਾਮਲ ਹਨ।
ਪੰਜਾਬ ਵਿੱਚ 18 ਮੰਤਰੀ ਬਣ ਸਕਦੇ ਹਨ। 5 ਨਵੇਂ ਵਿਧਾਇਕਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੰਤਰੀਆਂ ਦੀ ਗਿਣਤੀ 16 ਹੋ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ 4 ਮੰਤਰੀਆਂ ਦੀ ਕੈਬਨਿਟ ਬਰਖਾਸਤ ਕਰ ਦਿੱਤੀ ਗਈ ਸੀ। ਮੰਤਰੀ ਮੰਡਲ ਵਿੱਚ ਫੇਰਬਦਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਰੋਸੇਮੰਦ OSD ਓਮਕਾਰ ਸਿੰਘ ਨੂੰ ਅਚਾਨਕ ਹਟਾ ਦਿੱਤਾ ਹੈ। ਇਸ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ।
ਤਰੁਨਪ੍ਰੀਤ ਸਿੰਘ ਸੌਂਦ (ਵਿਧਾਇਕ ਖੰਨਾ) ਨੂੰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰਮੋਸ਼ਨ, ਲੇਬਰ, ਪ੍ਰਾਹੁਣਚਾਰੀ, ਉਦਯੋਗ ਅਤੇ ਵਣਜ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਦੇ ਵਿਭਾਗ ਦਿੱਤੇ ਗਏ ਹਨ। ਹਰਜੋਤ ਸਿੰਘ ਬੈਂਸ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਸਕੂਲ ਸਿੱਖਿਆ, ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦਿੱਤੇ ਗਏ ਹਨ।