- ਪ੍ਰਸ਼ਾਸਨ ਦੇ ਨਾਲ-ਨਾਲ ਸੰਤ ਸੀਚੇਵਾਲ ਦੀ ਟੀਮ ਵੀ ਹੋਈ ਹੈ ਜੁਟੀ
ਜਲੰਧਰ, 11 ਅਗਸਤ 2023 – ਜਲੰਧਰ ਜ਼ਿਲ੍ਹੇ ਦੀ ਲੋਹੀਆ ਤਹਿਸੀਲ ਵਿੱਚ ਢੱਕਾ ਬਸਤੀ, ਗੱਟਾ ਮੁੰਡੀ ਕਾਸੋ ਅਤੇ ਮੰਡਾਲਾ ਛੰਨਾ ਦੀ ਮੁਰੰਮਤ ਤਾਂ ਹੋ ਗਈ ਹੈ ਪਰ ਜਲੰਧਰ ਦੀ ਸ਼ਾਹਕੋਟ ਸਬ-ਡਵੀਜ਼ਨ ਅਧੀਨ ਪੈਂਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੀ 5 ਹਜ਼ਾਰ ਏਕੜ ਜ਼ਮੀਨ ਅਜੇ ਵੀ ਪਾਣੀ ਦੀ ਮਾਰ ਹੇਠ ਹੈ। ਜਿਸ ਜ਼ਮੀਨ ਵਿੱਚ ਪਾਣੀ ਨਿਕਲਿਆ ਹੈ, ਉਸ ਵਿੱਚ 6440 ਏਕੜ ਵਿੱਚ ਕਿਸਾਨਾਂ ਨੇ ਝੋਨੇ ਦੀ ਮੁੜ ਬਿਜਾਈ ਕੀਤੀ ਹੈ।
ਦੂਜੇ ਪਾਸੇ ਜਿਹੜੀ ਜ਼ਮੀਨ ਅਜੇ ਵੀ ਪਾਣੀ ਵਿੱਚ ਡੁੱਬੀ ਹੋਈ ਹੈ, ਉੱਥੇ 15 ਅਗਸਤ ਤੋਂ ਪਹਿਲਾਂ ਝੋਨਾ ਲਾਉਣਾ ਅਸੰਭਵ ਜਾਪਦਾ ਹੈ। ਭਾਵੇਂ ਪਾਣੀ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨਿਕ ਪੱਧਰ ‘ਤੇ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਪੱਧਰ ‘ਤੇ ਪੰਪਿੰਗ ਸ਼ੁਰੂ ਕਰ ਦਿੱਤੀ ਗਈ ਹੈ ਪਰ ਪਾਣੀ ਇੰਨਾ ਜ਼ਿਆਦਾ ਹੈ ਕਿ ਇਸ ਨੂੰ ਬਾਹਰ ਕੱਢਣ ‘ਚ ਸਮਾਂ ਲੱਗੇਗਾ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀ ਟੀਮ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਪਾਣੀ ਦੀ ਨਿਕਾਸੀ ਲਈ ਧੁੱਸੀ ਬੰਨ੍ਹ ਵਿੱਚ ਪਾਈਪਾਂ ਵਿਛਾਈਆਂ ਸਨ। ਪਾਈਪਾਂ ਦੇ ਨਾਲ-ਨਾਲ ਦੂਜੇ ਪਾਸੇ ਮੋਟਰਾਂ ਲਗਾ ਕੇ ਪਾਣੀ ਨੂੰ ਪੰਪ ਕਰਕੇ ਦਰਿਆ ਵਿੱਚ ਪਾਇਆ ਜਾ ਰਿਹਾ ਹੈ। ਭਾਵੇਂ ਪ੍ਰਸ਼ਾਸਨ ਵੀ ਆਪਣੇ ਪੱਧਰ ‘ਤੇ ਪੰਪ ਲਗਾ ਕੇ ਪਾਣੀ ਕੱਢਣ ‘ਚ ਲੱਗਾ ਹੋਇਆ ਹੈ ਪਰ ਇਲਾਕੇ ‘ਚ ਬਿਜਲੀ ਦੀ ਸਮੱਸਿਆ ਕਾਰਨ ਲੋਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।