- 15 ਕਿਸ਼ਤੀਆਂ ਨਾਲ NDRF ਬਚਾਅ ‘ਚ ਜੁਟੀ
- ਰਾਹਤ ਕਾਰਜ ਅਜੇ ਵੀ ਜਾਰੀ
ਗੁਰਦਾਸਪੁਰ, 17 ਅਗਸਤ 2023 – ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ ਬਿਆਸ ਦਰਿਆ ‘ਤੇ ਪੌਂਗ ਡੈਮ ਦਾ ਪਾਣੀ ਕਾਰਨ ਦੋ ਬੰਨ੍ਹਾਂ ਨੂੰ ਤਰੇੜਾਂ ਆ ਗਈਆਂ ਹਨ ਹੈ ਅਤੇ ਜ਼ਿਲੇ ਦੇ ਕਰੀਬ 50 ਪਿੰਡ ਪਾਣੀ ‘ਚ ਦੀ ਲਪੇਟ ‘ਚ ਆ ਗਏ ਹਨ। ਦੀਨਾਨਗਰ, ਗੁਰਦਾਸਪੁਰ ਅਤੇ ਕਾਹਨੂੰਵਾਨ ਖੇਤਰ ਦੇ ਕਰੀਬ 50 ਪਿੰਡ ‘ਚ ਪਾਣੀ ਆ ਗਿਆ ਹੈ, ਜਿਨ੍ਹਾਂ ਵਿਚੋਂ 12 ਦੇ ਕਰੀਬ ਪਿੰਡ ਹੜ੍ਹਾਂ ਨਾਲ ਵਿਸ਼ੇਸ਼ ਤੌਰ ‘ਤੇ ਪ੍ਰਭਾਵਿਤ ਹਨ। ਇਨ੍ਹਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। 15 ਕਿਸ਼ਤੀਆਂ ਨਾਲ NDRF ਟੀਮਾਂ ਨੇ 500 ਤੋਂ ਵੱਧ ਲੋਕਾਂ ਨੂੰ ਬਚਾ ਲਿਆ ਹੈ। ਰਾਹਤ ਕਾਰਜ ਅਜੇ ਵੀ ਜਾਰੀ ਹਨ।
ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚ ਚੇਚੀਆ ਚੋਡੀਆਂ, ਪੱਖੋਵਾਲ, ਦਾਉਵਾਲ, ਖਹਿਰਾ, ਦਲੇਰਪੁਰ, ਪਧਾਣਾ, ਛੀਨਾ ਬੇਟ, ਨਡਾਲਾ, ਜਗਪੁਰ ਕਲਾਂ, ਕੋਹਲੀਆਂ ਅਤੇ ਖਾਰੀਆ ਸ਼ਾਮਲ ਹਨ। ਧੁੱਸੀ ਬੰਨ੍ਹ ਦੇ ਟੁੱਟਣ ਕਾਰਨ ਜਗਤਪੁਰ ਟਾਂਡਾ, ਸੈਦੋਵਾਲ ਅਤੇ ਭੈਣੀ ਪਸਵਾਲ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੌਂਗ ਡੈਮ ‘ਚ ਪਾਣੀ ਛੱਡਣਾ ਘਟਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪਾਣੀ ਦਾ ਪੱਧਰ ਘਟਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹੁਣ ਟੁੱਟੇ ਬੰਨ੍ਹ ਨੂੰ ਭਰਨ ਦੇ ਕੰਮ ਵਿੱਚ ਲੱਗਾ ਹੋਇਆ ਹੈ। ਸਮਾਜਿਕ ਜਥੇਬੰਦੀਆਂ ਅਤੇ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਟੁੱਟੇ ਬੰਨ੍ਹ ਨੂੰ ਜਲਦੀ ਤੋਂ ਜਲਦੀ ਭਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਫਸੇ ਲੋਕਾਂ ਨੂੰ ਕੱਢਣ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾ ਕੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।