ਚੰਡੀਗੜ੍ਹ, 10 ਨਵੰਬਰ 2022 – ਪੰਜਾਬ ‘ਚ 2015 ‘ਚ ਹੋਈ ਬੇਅਦਬੀ ਮਾਮਲੇ ਤੋਂ ਬਾਅਦ ਹੁਣ ਤੱਕ 6 ਡੇਰਾ ਪ੍ਰੇਮੀਆਂ ਦਾ ਕਤਲ ਹੋ ਚੁੱਕਾ ਹੈ।
- ਸਭ ਤੋਂ ਪਹਿਲਾਂ ਪਹਿਲੇ ਮਾਮਲੇ ‘ਚ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਗੁਰਦੇਵ ਸਿੰਘ ਦੀ 13 ਜੂਨ 2016 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਉਕਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੁਰਦੇਵ ਸਿੰਘ ਦੀ ਕਰਿਆਨੇ ਦੀ ਦੁਕਾਨ ਸੀ, ਜਿੱਥੋਂ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋ ਗਿਆ ਸੀ। ਘਟਨਾ ਵਿੱਚ ਸ਼ਾਮਲ ਹੋਣ ਦੇ ਸ਼ੱਕ ਵਿੱਚ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਡੀਐਮਸੀ ਲੁਧਿਆਣਾ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ 17 ਜੂਨ ਨੂੰ ਉਸ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
- ਦੂਜੇ ਮਾਮਲੇ ‘ਚ 25 ਫਰਵਰੀ 2017 ਨੂੰ ਪੰਜਾਬ ਦੇ ਖੰਨਾ ਜ਼ਿਲ੍ਹੇ ਦੇ ਪਿੰਡ ਜਗੇੜਾ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਮਚਰਚਾ ਘਰ ਦੀ ਕੰਟੀਨ ਵਿੱਚ ਕੰਮ ਕਰਦੇ ਪਿਓ-ਪੁੱਤ ਸਤਪਾਲ ਸ਼ਰਮਾ ਅਤੇ ਉਸ ਦੇ ਪੁੱਤਰ ਰਮੇਸ਼ ਸ਼ਰਮਾ ਨੂੰ ਨਕਾਬਪੋਸ਼ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਦੋਵਾਂ ਲਾਸ਼ਾਂ ਦੇ ਨਾਮ ਚਰਚਾ ਘਰ ਵਿੱਚ ਹੀ ਰੱਖੀਆਂ ਗਈਆਂ ਸਨ। ਪੁਲਿਸ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਹੀ ਡੇਰਾ ਪ੍ਰੇਮੀਆਂ ਨੇ ਹਾਮੀ ਭਰੀ ਅਤੇ ਲਾਸ਼ਾਂ ਦਾ ਸਸਕਾਰ ਕਰ ਦਿੱਤਾ।
- ਤੀਜੇ ਮਾਮਲੇ ‘ਚ 23 ਜਨਵਰੀ 2019 ਨੂੰ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ। ਫਰੀਦਕੋਟ ਦੇ ਰਹਿਣ ਵਾਲੇ ਬਿੱਟੂ ‘ਤੇ ਦੋ ਹੋਰ ਕੈਦੀਆਂ ਨੇ ਲੋਹੇ ਦੀਆਂ ਸਲਾਖਾਂ ਨਾਲ ਹਮਲਾ ਕਰ ਦਿੱਤਾ। ਉਹ ਸੁਣਵਾਈ ਅਧੀਨ ਕੈਦੀ ਸੀ। ਹਮਲੇ ਵਿੱਚ ਮਹਿੰਦਰਪਾਲ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਬਿੱਟੂ ਨੂੰ ਐਸਆਈਟੀ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਨਾਭਾ ਜੇਲ੍ਹ ਵਿੱਚ ਬੰਦ ਸੀ। ਉਹ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ।
- ਚੌਥੇ ਮਾਮਲੇ ‘ਚ 20 ਜਨਵਰੀ 2020 ਨੂੰ ਪੰਜਾਬ ਦੇ ਬਠਿੰਡਾ ਦੇ ਭਗਤਾ ਭਾਈਕਾ ਵਿਖੇ ਦੋ ਮੋਟਰਸਾਈਕਲ ਸਵਾਰਾਂ ਨੇ ਦੁਕਾਨ ‘ਤੇ ਬੈਠੇ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਸਿਰ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਨੋਹਰ ਲਾਲ ਭਗਤਾ ਭਾਈ ਕਾ ਵਿੱਚ ਮਨੀ ਐਕਸਚੇਂਜਰ ਦਾ ਕੰਮ ਕਰਦਾ ਸੀ। ਬੱਸ ਸਟੈਂਡ ਦੇ ਕੋਲ ਉਸ ਦੀ ਦੁਕਾਨ ਸੀ। ਮਨੋਹਰ ਲਾਲ ਦੇ ਬੇਟੇ ਦਾ ਨਾਂ ਬੇਅਦਬੀ ਮਾਮਲੇ ਨਾਲ ਜੁੜਿਆ ਸੀ।
- ਪੰਜਵੇਂ ਮਾਮਲੇ ‘ਚ ਪਿਛਲੇ ਸਾਲ 3 ਦਸੰਬਰ 2021 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੂੰਦੜ ਵਿਖੇ ਕਰੀਬ ਅੱਠ ਵਜੇ ਮੋਟਰਸਾਈਕਲ ‘ਤੇ ਆਏ ਦੋ ਨੌਜਵਾਨਾਂ ਵੱਲੋਂ ਡੇਰਾ ਪ੍ਰੇਮੀ ਚਰਨਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੇ ਸਮੇਂ ਚਰਨਦਾਸ ਪਿੰਡ ‘ਚ ਆਪਣੀ ਕਰਿਆਨੇ ਦੀ ਦੁਕਾਨ ‘ਤੇ ਬੈਠਾ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਮੁਲਜ਼ਮਾਂ ਵਿੱਚੋਂ ਇੱਕ ਮੋਟਰਸਾਈਕਲ ’ਤੇ ਬੈਠਾ ਰਿਹਾ, ਜਦਕਿ ਦੂਜੇ ਨੇ ਦੁਕਾਨ ’ਤੇ ਆ ਕੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਦੋਸ਼ ਸੀ ਕਿ ਅਪ੍ਰੈਲ 2018 ਵਿਚ ਚਰਨ ਦਾਸ ਨੇ ਘਰੇਲੂ ਝਗੜੇ ਵਿਚ ਹਿੱਸਾ ਲੈਣ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਨੰਗੇ ਸਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਲਿਆ ਸੀ। ਉਸ ਦੀ ਭਰਜਾਈ ਵੀ ਉਸ ਦੇ ਨਾਲ ਸੀ। ਇਸ ਤੋਂ ਬਾਅਦ ਚਰਨਦਾਸ ਦੇ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਸੀ।
- ਅੱਜ ਹੀ ਛੇਵੇਂ ਮਾਮਲੇ ‘ਚ ਫਰੀਦਕੋਟ ‘ਚ ਵੀਰਵਾਰ ਸਵੇਰੇ ਬੇਅਦਬੀ ਮਾਮਲੇ ‘ਚ ਸ਼ਾਮਿਲ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਪ੍ਰਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਕਾਤਲ ਮੋਟਰਸਾਈਕਲ ‘ਤੇ ਆਏ ਸਨ। ਉਹ ਪ੍ਰਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ।