ਅੰਮ੍ਰਿਤਸਰ, 9 ਅਪ੍ਰੈਲ 2023 – ਸਕੂਲ ‘ਚ ਜ਼ਹਿਰੀਲੀ ਚੀਜ਼ ਨਿਗਲਣ ਵਾਲੇ 6ਵੀਂ ਜਮਾਤ ਦੇ ਵਿਦਿਆਰਥੀ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਵਿਦਿਆਰਥੀ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਥਾਣਾ ਮੋਹਕਮਪੁਰਾ ਵਿਖੇ ਪਹੁੰਚ ਕੇ ਸਕੂਲ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਮਹਿਕਮਪੁਰਾ ਥਾਣੇ ਵਿੱਚ 5 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਸਕੂਲ ਪ੍ਰਬੰਧਕਾਂ ਅਤੇ ਮ੍ਰਿਤਕ ਦੇ ਵਾਰਸਾਂ ਵਿਚਾਲੇ ਸਮਝੌਤਾ ਹੋ ਗਿਆ।
ਮ੍ਰਿਤਕ ਦੀ ਪਛਾਣ ਅਨੁਰਾਗ ਵਾਸੀ ਔਰੰਗਾਬਾਦ ਬਿਹਾਰ ਹਾਲ, ਵਿਸ਼ਾਲ ਵਿਹਾਰ, ਰਾਮਬਾਲੀ ਚੌਕ ਵਜੋਂ ਹੋਈ ਹੈ। ਵਰਨਣਯੋਗ ਹੈ ਕਿ ਬਟਾਲਾ ਰੋਡ ਸਥਿਤ ਸ੍ਰੀਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ ਸਨਸਿਟੀ ਵਿਖੇ ਵੀਰਵਾਰ ਸਵੇਰੇ ਇੱਕ ਵਿਦਿਆਰਥੀ ਨੇ ਸਕੂਲ ਵਿੱਚ ਹੀ ਗਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ।
ਪਰਿਵਾਰ ਨੇ ਵਿਦਿਆਰਥੀ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਬੱਚਾ ਸਵੇਰੇ 8 ਵਜੇ ਸਕੂਲ ਪਹੁੰਚਿਆ ਅਤੇ 9.30 ਵਜੇ ਉਸ ਦੀ ਹਾਲਤ ਵਿਗੜ ਗਈ। ਦਰਅਸਲ, ਮ੍ਰਿਤਕ ਅਨੁਰਾਗ ਨੂੰ ਅਚਾਨਕ ਸਕੂਲ ‘ਚ ਉਲਟੀਆਂ ਆਉਣ ਲੱਗੀਆਂ ਤਾਂ ਸਕੂਲ ਵਾਲਿਆਂ ਨੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ, ਜਿੱਥੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਅਨੁਸਾਰ ਬੱਚੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ, ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਬਣ ਗਈ ਸੀ। ਹਸਪਤਾਲ ‘ਚ ਇਲਾਜ ਦੌਰਾਨ ਮ੍ਰਿਤਕ ਵਿਦਿਆਰਥੀ ਨੇ ਦੱਸਿਆ ਸੀ ਕਿ ਸਕੂਲ ਦੇ ਬੈਂਚ ‘ਤੇ ਕੋਈ ਚੀਜ਼ ਪਈ ਸੀ, ਜਿਸ ਨੂੰ ਉਸ ਨੇ ਖਾ ਲਿਆ ਅਤੇ ਉਸ ਦੀ ਸਿਹਤ ਵਿਗੜ ਗਈ।
ਮਹਿਕਮਪੁਰਾ ਥਾਣੇ ਦੇ ਐਸਐਚਓ ਸ਼ਮਿੰਦਰਜੀਤ ਸਿੰਘ ਨੇ ਦੱਸਿਆ ਕਿ ਅਨੁਰਾਗ ਦੀ ਸ਼ਨੀਵਾਰ ਤੜਕੇ 3:50 ਵਜੇ ਸਕਾਟ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਸਕੂਲ ਮੈਨੇਜਮੈਂਟ ਅਤੇ ਮ੍ਰਿਤਕ ਦੇ ਪਰਿਵਾਰ ਦੀ ਆਪਸੀ ਰਜ਼ਾਮੰਦੀ ਨਾਲ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ 174 ਦੀ ਕਾਰਵਾਈ ਕੀਤੀ ਗਈ ਹੈ। ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਈ ਹੈ।