- ਵਰਧਮਾਨ ਗਰੁੱਪ ਦੇ ਮਾਲਕ ‘ਤੇ ਧੋਖਾਧੜੀ ਦਾ ਮਾਮਲਾ ਕੀਤਾ ਹੱਲ, ਡੀਜੀਪੀ ਡੈਸਕ ਤੋਂ ਮਿਲੇਗਾ ਐਵਾਰਡ
ਲੁਧਿਆਣਾ, 1 ਅਕਤੂਬਰ 2024 – ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵਰਧਮਾਨ ਗਰੁੱਪ ਦੇ ਮਾਲਕ ਐਸਪੀ ਓਸਵਾਲ ਤੋਂ 7 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਲੁਧਿਆਣਾ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕਰਨ ਮਗਰੋਂ ਲੁਧਿਆਣਾ ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਡੀਜੀਪੀ ਡੈਸਕ ਐਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੁਧਿਆਣਾ ਪੁਲਿਸ ਦੀ ਪਿੱਠ ਥਪਥਪਾਈ ਹੈ। ਹੁਣ ਤੱਕ ਪੁਲਿਸ ਨੇ ਦੋਸ਼ੀਆਂ ਤੋਂ 5.25 ਕਰੋੜ ਰੁਪਏ ਦੀ ਬਰਾਮਦਗੀ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ 3 ਮੋਬਾਈਲ ਫ਼ੋਨ ਅਤੇ 6 ਏ.ਟੀ.ਐਮ ਵੀ ਬਰਾਮਦ ਕੀਤੇ ਹਨ |
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਸਾਈਬਰ ਸੈੱਲ ਇੰਚਾਰਜ ਜਤਿੰਦਰ ਸਿੰਘ ਸਮੇਤ 7 ਪੁਲਿਸ ਮੁਲਾਜ਼ਮਾਂ ਨੂੰ ਡੀਜੀਪੀ ਡੈਸਕ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿੱਚ ਏਐਸਆਈ ਰਾਜ ਕੁਮਾਰ, ਪਰਮਜੀਤ ਸਿੰਘ, ਰਾਜੇਸ਼ ਕੁਮਾਰ, ਰੋਹਿਤ ਅਤੇ ਸਿਮਰਨਦੀਪ ਸਿੰਘ ਦੇ ਨਾਮ ਸ਼ਾਮਲ ਹਨ।
ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਆਸਾਮ ਦੇ ਗੁਹਾਟੀ ਗਈ ਸੀ ਅਤੇ ਉਥੋਂ ਪੁਲਿਸ ਦੀ ਮਦਦ ਨਾਲ ਮੁਲਜ਼ਮ ਅਤਨੂ ਚੌਧਰੀ ਅਤੇ ਆਨੰਦ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਇਸ ਮਾਮਲੇ ਵਿੱਚ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਦਾ ਪੂਰਾ ਸ਼ੱਕ ਹੈ। ਇਸ ਵੱਡੀ ਧੋਖਾਧੜੀ ਵਿੱਚ ਆਸਾਮ ਬੈਂਕ ਦੇ ਕਰਮਚਾਰੀ ਵੀ ਸ਼ਾਮਲ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਦੋਸ਼ੀਆਂ ਦੇ ਬੈਂਕ ਖਾਤਾ ਨੰਬਰਾਂ ਦੀ ਜਾਂਚ ਕਰਨ ‘ਤੇ ਪਤਾ ਲੱਗਾ ਕਿ ਇਕ ਖਾਤਾ ਅਤਨੂੰ ਚੌਧਰੀ ਦੇ ਨਾਂਅ ‘ਤੇ ਅਤੇ ਦੂਜਾ ਖਾਤਾ ਆਨੰਦ ਚੌਧਰੀ ਦੇ ਨਾਂਅ ‘ਤੇ ਸੀ, ਜਿਸ ਤੋਂ ਬਾਅਦ ਹੀ ਪੁਲਿਸ ਦੋਸ਼ੀਆਂ ਤੱਕ ਪਹੁੰਚੀ।
ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੇ ਦੱਸਿਆ ਕਿ ਨਿੰਮੀ ਭੱਟਾਚਾਰੀਆ ਵਾਸੀ ਗੁਹਾਟੀ, ਅਲੋਕ ਰੰਗੀ ਵਾਸੀ ਪੱਛਮੀ ਬੰਗਾਲ, ਗੁਲਾਮ ਮੰਟੋਜਾ ਵਾਸੀ ਪੱਛਮੀ ਬੰਗਾਲ, ਸੰਜੇ ਸੂਤਰਧਰ ਵਾਸੀ ਆਸਾਮ, ਰਿੰਟੂ ਵਾਸੀ ਆਸਾਮ, ਰੂਮੀ ਕਲਿਤਾ ਵਾਸੀ ਆਸਾਮ ਅਤੇ ਐਸ. ਜ਼ਾਕਿਰ ਵਾਸੀ ਆਸਾਮ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਜਲਦੀ ਹੀ ਸਾਰੇ ਦੋਸ਼ੀ ਪੁਲਿਸ ਦੀ ਗ੍ਰਿਫ਼ਤ ‘ਚ ਹੋਣਗੇ।