ਸੰਗਰੂਰ, 2 ਜੂਨ 2022 – ਸਾਲ 2016 ਦੀ ਪੰਜਾਬ ਪੁਲਿਸ ਦੀ ਅਧੂਰੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮੰਗ ਨੂੰ ਲੈ ਕੇ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਪੱਕੇ ਰੋਸ ਧਰਨੇ ’ਤੇ ਬੈਠੇ ਪੰਜਾਬ ਪੁਲੀਸ ਭਰਤੀ ਉਮੀਦਵਾਰਾਂ ਵਿਚੋਂ ਸੱਤ ਕੁੜੀਆਂ 1 ਜੂਨ ਦੀ ਸਵੇਰੇ ਹਰੀਪੁਰਾ ਰੋਡ ਤੇ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈਆਂ ਹਨ ਨੂੰ ਅੱਜ ਦੂਜਾ ਦੀਨਾ ਹੈ ਜਦੋਂ ਸਰਕਾਰ ਵੱਲੋਂ ਇਹਨਾਂ ਨਾਲ ਅਜੇ ਤਕ ਸੰਪਰਕ ਨਹੀਂ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਇਨਾਂ ਨਾਲ ਦੇ ਬੇਰੁਜ਼ਗਾਰ ਉਮੀਦਵਾਰਾਂ ਵੱਲੋਂ ਟੈਂਕੀ ਦੇ ਹੇਠਾਂ ਧਰਨਾ ਲਾਇਆ ਹੋਇਆ ਹੈ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਸਾਲ 2016 ਤੋਂ ਲਟਕ ਰਹੀ ਭਰਤੀ ਮੁਕੰਮਲ ਕਰਕੇ ਤੁਰੰਤ ਨਿਯੁਕਤੀ ਪੱਤਰ ਸੌਂਪੇ ਜਾਣ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਵੇਲੇ ਵੀ ਭਰਤੀ ਪ੍ਰਕਿਰਿਆ ਨੂੰ ਲੈ ਕੇ ਇਹ ਬੇਰੋਜ਼ਗਾਰ ਸੰਘਰਸ਼ ਕਰਦੇ ਰਹੇ ਹਨ।
ਸੂਬਾ ਆਗੂ ਜਗਦੀਪ ਸਿੰਘ ਨੇ ਕਿਹਾ ਕਿ ਭਰਤੀ ਲਈ ਮੈਡੀਕਲ ਤੇ ਵੈਰੀਫਿਕੇਸ਼ਨ ਹੋ ਚੁੱਕੀ ਹੈ ਪਰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ। ਮੁੱਖ ਮੰਤਰੀ ਨੇ ਮਹੀਨੇ ’ਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਤੇ 9 ਮਈ ਨੂੰ ਭਰੋਸੇ ਦੀ ਮਿਆਦ ਵੀ ਲੰਘ ਚੁੱਕੀ ਹੈ, ਜਿਸ ਤੋਂ ਖ਼ਫ਼ਾ ਉਮੀਦਵਾਰ 10 ਮਈ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕੇ ਮੋਰਚੇ ਤੇ ਬੈਠੇ ਹਨ।
ਹੁਣ ਖ਼ਬਰ ਇਹ ਵੀ ਸਾਹਮਣੇ ਆ ਰਹੀ ਹੈ ਕੇ ਚੜ੍ਹੀਆਂ ਬੱਚੀਆਂ ਵਿੱਚੋਂ ਇੱਕ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਕਤ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਐਂਬੂਲੈਂਸ ਵਿੱਚ ਇਲਾਜ ਲਈ ਹੋਰ ਡਾਕਟਰ ਮਾਈਆ ਨੂੰ ਵੀ ਉਪਲਬਧ ਨਹੀਂ ਕਰਵਾਇਆ ਗਿਆ। ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਸੰਗਰੂਰ ‘ਚ 45 ਡਿਗਰੀ ਤੋਂ ਉੱਪਰ ਗਰਮੀ ਹੈ ਅਤੇ ਤੇਜ਼ ਧੁੱਪ ‘ਚ ਇੰਨੀ ਉਚਾਈ ‘ਤੇ ਪਾਣੀ ਦੀ ਟੈਂਕੀ ਦੇ ਉੱਪਰ 7 ਲੜਕੀਆਂ ਪ੍ਰਦਰਸ਼ਨ ਕਰ ਰਹੀਆਂ ਹਨ।
ਧਰਨਾਕਾਰੀਆਂ ਨੇ ਕਿਹਾ ਕਿ ਅਸੀਂ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਇੱਕ ਮਹੀਨਾ ਪਹਿਲਾਂ ਸੰਗਰੂਰ ਵਿੱਚ ਪ੍ਰਦਰਸ਼ਨ ਕੀਤਾ ਸੀ, ਸਾਨੂੰ ਪੱਕਾ ਰੁਜ਼ਗਾਰ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਸਰਕਾਰ ਨੇ ਸਾਨੂੰ ਕੋਈ ਨੌਕਰੀ ਨਹੀਂ ਦਿੱਤੀ ਅਤੇ ਹੁਣ ਉਸ ਤੋਂ ਬਾਅਦ ਅੱਜ ਕਰੀਬ ਇੱਕ ਮਹੀਨਾ ਬੀਤ ਚੁੱਕਾ ਹੈ। ਲੜਕੀਆਂ ਦਾ ਕੇਹਨ ਹੈ ਕਿ ਅਸੀਂ ਉਦੋਂ ਤੱਕ ਹੇਠਾਂ ਨਹੀਂ ਉਤਰਾਂਗੇ ਜਦੋਂ ਤੱਕ ਸਾਨੂੰ ਪੱਕਾ ਰੁਜ਼ਗਾਰ ਨਹੀਂ ਮਿਲ ਜਾਂਦਾ। ਉਨ੍ਹਾਂ ਕਿਹਾ ਕਿ ਅਸੀਂ 7 ਲੜਕੀਆਂ ਪੈਟਰੋਲ ਦੀ ਬੋਤਲ ਲੈ ਕੇ ਉੱਪਰ ਚੜ੍ਹੀਆਂ ਹਾਂ ਅਤੇ ਉਹ ਕਹਿ ਰਹੀਆਂ ਹਨ ਕਿ ਜੇਕਰ ਸਾਨੂੰ ਸਰਕਾਰ ਤੋਂ ਭਰੋਸਾ ਨਾ ਮਿਲਿਆ ਤਾਂ ਅਸੀਂ ਹੇਠਾਂ ਨਹੀਂ ਉਤਰਾਂਗੇ, ਪਰ ਸਾਡੀਆਂ ਲਾਸ਼ਾਂ ਹੇਠਾਂ ਆਉਣਗੀਆਂ, ਪਰ ਪ੍ਰਦਰਸ਼ਨ ਖਤਮ ਨਹੀਂ ਹੋਵੇਗਾ।