- ਹਰਜੋਤ ਕੌਰ ਅਜੇ ਸਿਰਫ 7ਵੀਂ ਜਮਾਤ ‘ਚ ਹੀ ਪੜ੍ਹਦੀ ਹੈ,
- ਹਰਜੋਤ ਦੀ ਵੱਡੀ ਭੈਣ ਨੇ ਸਿਖਾਇਆ ਸੀ ਟਰੈਕਟਰ,
- ਪਹਿਲਾਂ ਵੱਡੀ ਭੈਣ ਕਰਦੀ ਸੀ ਪਿਤਾ ਨਾਲ ਖੇਤੀ,
- ਵੱਡੀ ਭੈਣ ਦੇ ਵਿਦੇਸ਼ ਜਾਣ ਤੋਂ ਬਾਅਦ ਹਰਜੋਤ ਕਰਦੀ ਹੈ ਆਪਣੇ ਪਿਤਾ ਨਾਲ ਖੇਤੀ
ਮਾਨਸਾ, 6 ਅਗਸਤ 2023 – ਕੁੜੀਆਂ ਕਿਸੇ ਵੀ ਮਾਮਲੇ ਵਿੱਚ ਲੜਕਿਆਂ ਨਾਲੋਂ ਘੱਟ ਨਹੀਂ ਹਨ, ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾ ਦੀ ਹਰਜੋਤ ਕੌਰ ਨੇ ਇਸ ਕਥਨ ਨੂੰ ਸਾਰਥਕ ਸਾਬਤ ਕਰ ਦਿੱਤਾ ਹੈ। ਹਰਜੋਤ ਅਜੇ ਸਿਰਫ 7ਵੀਂ ਜਮਾਤ ਵਿੱਚ ਹੀ ਪੜ੍ਹਦੀ ਹੈ, ਪਰ ਖੁਦ ਹੀ ਆਪਣੇ ਪਿਤਾ ਨਾਲ ਟਰੈਕਟਰ ਚਲਾ ਕੇ ਖੇਤਾਂ ਵਿੱਚ ਕੰਮ ਕਰਦੀ ਹੈ। ਹਰਜੋਤ ਕੌਰ ਨੇ ਦੱਸਿਆ ਕਿ ਪਹਿਲਾਂ ਉਸ ਦੀ ਵੱਡੀ ਭੈਣ ਰਾਜਦੀਪ ਕੌਰ ਆਪਣੇ ਪਿਤਾ ਨਾਲ ਖੇਤਾਂ ਵਿੱਚ ਕੰਮ ਕਰਦੀ ਸੀ ਪਰ ਹੁਣ ਉਹ ਵਿਦੇਸ਼ ਚਲੀ ਗਈ ਹੈ, ਜਿਸ ਤੋਂ ਬਾਅਦ ਉਹ ਆਪਣੇ ਪਿਤਾ ਦੀ ਇਸ ਕੰਮ ਵਿੱਚ ਮਦਦ ਕਰ ਰਹੀ ਹੈ।
ਹਰਜੋਤ ਕੌਰ ਨੇ ਦੱਸਿਆ ਕਿ ਉਸ ਦੀਆਂ 3 ਭੈਣਾਂ ਹਨ ਅਤੇ ਉਹ 7ਵੀਂ ਜਮਾਤ ਵਿੱਚ ਪੜ੍ਹਦੀ ਹੈ। ਉਹ ਖੇਤੀ ਦੀ ਸ਼ੌਕੀਨ ਹੈ। ਪੜ੍ਹਾਈ ਕਰਨ ਤੋਂ ਬਾਅਦ ਉਹ ਖੇਤੀਬਾੜੀ ਅਫ਼ਸਰ ਬਣਨਾ ਚਾਹੁੰਦੀ ਹੈ। ਪਹਿਲਾਂ ਉਸ ਦੀ ਵੱਡੀ ਭੈਣ ਵੀ ਖੇਤ ਵਿੱਚ ਟਰੈਕਟਰ ਚਲਾਉਂਦੀ ਸੀ, ਪਰ ਹੁਣ ਵਿਦੇਸ਼ ਜਾਣ ਤੋਂ ਬਾਅਦ ਉਹ ਟਰੈਕਟਰ ਚਲਾਉਂਦੀ ਹੈ। ਉਸ ਦੀ ਵੱਡੀ ਭੈਣ ਨੇ ਹੀ ਉਸ ਨੂੰ ਟਰੈਕਟਰ ਚਲਾਉਣਾ ਸਿਖਾਇਆ ਹੈ। ਹਰਜੋਤ ਕੌਰ ਨੇ ਕਿਹਾ ਜਿਹੜੇ ਲੋਕ ਆਪਣੀ ਧੀ ਨੂੰ ਘਰੋਂ ਬਾਹਰ ਨਹੀਂ ਜਾਣ ਦਿੰਦੇ, ਉਨ੍ਹਾਂ ਨੂੰ ਆਪਣੀਆਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਸਜਾਉਣ।
ਦੂਜੇ ਪਾਸੇ ਹਰਜੋਤ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀਆਂ ਸਿਰਫ਼ 3 ਧੀਆਂ ਹਨ, ਪੁੱਤਰ ਨਹੀਂ ਹੈ, ਪਰ ਧੀਆਂ ਨੇ ਉਸ ਨੂੰ ਕਦੇ ਵੀ ਪੁੱਤਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਉਸ ਨੇ ਦੱਸਿਆ ਕਿ ਉਸ ਦੀਆਂ ਸਿਰਫ਼ ਤਿੰਨ ਧੀਆਂ ਹੀ ਉਸ ਨਾਲ ਖੇਤੀ ਦਾ ਕੰਮ ਕਰਵਾ ਰਹੀਆਂ ਹਨ। ਉਸ ਨੂੰ ਆਪਣੀਆਂ ਧੀਆਂ ‘ਤੇ ਮਾਣ ਹੈ। ਜੇਕਰ ਮੈਂ ਖੇਤਾਂ ਵਿੱਚ ਟਰੈਕਟਰ ਚਲਾਉਣਾ ਹੋਵੇ ਜਾਂ ਖੇਤਾਂ ਨੂੰ ਪਾਣੀ ਦੇਣਾ ਹੋਵੇ ਤਾਂ ਮੇਰੀਆਂ ਧੀਆਂ ਮੇਰੇ ਨਾਲ ਹੀ ਕੰਮ ਕਰਦੀਆਂ ਹਨ।