ਮੋਗਾ, 7 ਜੁਲਾਈ 2022 – ਮੋਗਾ ਦੀ ਇੱਕ ਅਦਾਲਤ ਨੇ ਅੱਜ 7 ਸਾਲ ਪੁਰਾਣੇ ਹਿੰਸਾ ਅਤੇ ਅੱਗਜ਼ਨੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 9 ਡੇਰਾ ਪ੍ਰੇਮੀਆਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਡਿਊਟੀ ਮੈਜਿਸਟਰੇਟ ਗੁਰਬਿੰਦਰ ਸਿੰਘ ਜੌਹਲ ਦੀ ਅਦਾਲਤ ਵਿੱਚ ਪੇਸ਼ ਕੀਤਾ। ਸੁਣਵਾਈ ਤੋਂ ਬਾਅਦ ਅਦਾਲਤ ਨੇ ਸਾਰਿਆਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ।
ਮੁਲਜ਼ਮਾਂ ਵਿੱਚ ਮਹਿੰਦਰਪਾਲ ਸਿੰਘ ਬਿੱਟੂ, ਨਿਸ਼ਾਨ ਸਿੰਘ, ਸੰਦੀਪ ਕੁਮਾਰ, ਬਲਜੀਤ ਸਿੰਘ, ਰਣਦੀਪ ਸਿੰਘ ਨੇਲਾ, ਉਸ ਦਾ ਭਰਾ ਪਵਨਦੀਪ ਸਿੰਘ, ਰਣਜੀਤ ਸਿੰਘ, ਅਜੈਬ ਸਿੰਘ ਅਤੇ ਨਿਰਮਲ ਸਿੰਘ ਸ਼ਾਮਲ ਹਨ। ਸਾਰੇ ਸਿਰਸਾ ਦੇ ਸੱਚਾ ਸੌਦਾ ਡੇਰੇ ਦੇ ਮੈਂਬਰ ਹਨ। ਸੂਤਰਾਂ ਅਨੁਸਾਰ ਸੀਬੀਆਈ 2015 ਦੇ ਬੇਅਦਬੀ ਮਾਮਲੇ ਵਿੱਚ ਇਨ੍ਹਾਂ ਮੁਲਜ਼ਮਾਂ ਦਾ ਰਿਮਾਂਡ ਲੈਣ ਵਾਲੀ ਸੀ ਪਰ ਅੱਜ ਅਜਿਹਾ ਨਹੀਂ ਹੋਇਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਲਤੀ ਕੰਪਲੈਕਸ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਦੋਵੇਂ ਗੇਟ ਬੰਦ ਕਰਕੇ ਪੁਲੀਸ ਤਾਇਨਾਤ ਕਰ ਦਿੱਤੀ ਗਈ। ਪਹਿਲੀ ਵਾਰ ਵਕੀਲਾਂ ਅਤੇ ਉਨ੍ਹਾਂ ਦੇ ਸਟਾਫ਼ ਨੂੰ ਵੀ ਪੈਦਲ ਹੀ ਅਦਾਲਤੀ ਕੰਪਲੈਕਸ ਵਿੱਚ ਦਾਖ਼ਲ ਹੋਣ ਦਿੱਤਾ ਗਿਆ, ਵਾਹਨ ਬਾਹਰ ਪਾਰਕਿੰਗ ਵਿੱਚ ਖੜ੍ਹੇ ਕੀਤੇ ਗਏ। ਹਾਲਾਂਕਿ ਅਸਲ ਪਾਰਕਿੰਗ ਕੋਰਟ ਕੰਪਲੈਕਸ ਦੇ ਅੰਦਰ ਹੈ, ਪਰ ਵਾਹਨਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈ। ਐਸਐਸਪੀ ਗੁਲਨੀਤ ਖੁਰਾਣਾ ਸਵੇਰੇ 9 ਵਜੇ ਦੇ ਕਰੀਬ ਖੁਦ ਅਦਾਲਤ ਵਿੱਚ ਪੁੱਜੇ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।