- ਪਰਿਵਾਰ ਦਾ ਦੋਸ਼ ਕਿ ਕੋਈ ਵੀ ਅਧਿਕਾਰੀ ਸਵਾਗਤ ਲਈ ਨਹੀਂ ਪਹੁੰਚਿਆ
ਗੁਰਦਾਸਪੁਰ, 3 ਅਕਤੂਬਰ 2023 – ਗੁਰਦਾਸਪੁਰ ਜ਼ਿਲ੍ਹੇ ਦੇ 9 ਸਾਲਾ ਸਨਮ ਦੀਪ ਸਿੰਘ ਨੇ ਮਲੇਸ਼ੀਆ ਵਿੱਚ ਅਮਰੀਕਾ ਅਤੇ ਚੀਨ ਦੇ ਖਿਡਾਰੀਆਂ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ। ਵੱਡੀ ਜਿੱਤ ਹਾਸਲ ਕਰਕੇ ਸਨਮ ਦੀਪ ਆਪਣੇ ਸ਼ਹਿਰ ਵਾਪਸ ਪਰਤਿਆ ਹੈ। ਉੱਥੇ ਹੀ ਉਸਦੇ ਵਾਪਸ ਆਉਣ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਪੂਰਾ ਪਰਿਵਾਰ ਅਤੇ ਗਲੀ ਦੇ ਲੋਕ ਬੱਚੇ ਦਾ ਸਵਾਗਤ ਕਰਨ ਲਈ ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਈ ਅੱਡੇ ‘ਤੇ ਪਹੁੰਚ ਗਏ।
ਇਸ ਦੌਰਾਨ ਗੁਰਦਾਸਪੁਰ ਸ਼ਹਿਰ ਦੇ ਲੋਕਾਂ ਨੇ ਗੁਰਦਾਸਪੁਰ ਦੇ ਸ੍ਰੀ ਪਰਸ਼ੂਰਾਮ ਚੌਕ ਵਿਖੇ ਸਨਮਦੀਪ ਸਿੰਘ ਦਾ ਨਿੱਘਾ ਸਵਾਗਤ ਵੀ ਕੀਤਾ ਅਤੇ ਟੋਲ ਬਾਜਿਆਂ ਨਾਲ ਉਸਨੂੰ ਲੈ ਕੇ ਸ਼ਹਿਰ ਦੇ ਮੁੱਖ ਬਜ਼ਾਰ ਦਾ ਚੱਕਰ ਲਗਾਇਆ। ਦੱਸ ਦਈਏ ਕੀ ਸਨਮਦੀਪ ਨੇ ਇੱਕ ਸਾਲ ਵਿੱਚ ਦੂਜੀ ਵਾਰ ਕਰਾਟੇ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤਿਆ ਹੈ।ਇਸ ਤੋਂ ਪਹਿਲਾਂ ਦੁਬਈ ਵਿੱਚ ਬੁਡੋਕਾਨ ਕਰਾਟੇ ਚੈਂਪੀਅਨਸ਼ਿਪ ਵਿੱਚ ਉਸਨੇ ਸੋਨ ਤਗ਼ਮਾ ਜਿੱਤਿਆ ਸੀ ਅਤੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਕੈਬਨਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ।
ਸਨਮਦੀਪ ਸਿੰਘ ਦੇ ਦਾਦਾ ਨਰਿੰਦਰ ਸਿੰਘ ਨੇ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਨਮਦੀਪ ਦੇ ਮਲੇਸ਼ੀਆ ਤੋਂ ਭਾਰਤ ਪਰਤਣ ਬਾਰੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਪਰ ਇਸ ਦੇ ਬਾਵਜੂਦ ਕੋਈ ਵੀ ਅਧਿਕਾਰੀ ਜਾਂ ਜ਼ਿਲ੍ਹਾ ਖੇਡ ਅਧਿਕਾਰੀ ਉਸ ਦੇ ਸਵਾਗਤ ਲਈ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਨਹੀਂ ਆਉਂਦੇ।ਉਨ੍ਹਾਂ ਕਿਹਾ ਕਿ ਇਸ ਕਾਰਨ ਖਿਡਾਰੀਆਂ ਦਾ ਮਨੋਬਲ ਡਿੱਗਦਾ ਹੈ ਅਤੇ ਉਹ ਨਿਰਾਸ਼ ਹੋ ਜਾਂਦੇ ਹਨ ਪਰ ਉਨ੍ਹਾਂ ਨੇ ਆਪਣੇ ਬੱਚੇ ਨੂੰ ਨਿਰਾਸ਼ ਨਹੀਂ ਹੋਣ ਦਿੱਤਾ। ਗਲੀ ਦੇ ਲੋਕਾਂ ਨੇ ਸਨਮ ਦੀਪ ਸਿੰਘ ਦਾ ਫੁੱਲਾਂ ਨਾਲ ਸਵਾਗਤ ਕੀਤਾ।