- ਨਹਾਉਂਦੇ ਸਮੇਂ ਤੇਜ਼ ਪਾਣੀ ਦੀ ਲਪੇਟ ‘ਚ ਆਇਆ
ਫਤਿਹਗੜ੍ਹ ਸਾਹਿਬ, 28 ਜੂਨ 2023 – ਪੰਜਾਬ ਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਰਜਵਾਹੇ ‘ਚ ਨਹਾਉਂਦੇ ਸਮੇਂ 9 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਰੀਅਨ ਵਾਸੀ ਗੁਰੂ ਨਾਨਕ ਨਗਰ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ। ਉਸ ਦੀ ਲਾਸ਼ ਨੂੰ ਰਜਵਾਹਾ ਤੋਂ ਬਾਹਰ ਕੱਢ ਲਿਆ ਗਿਆ ਹੈ। ਆਰੀਅਨ ਚੌਥੀ ਜਮਾਤ ਵਿੱਚ ਪੜ੍ਹਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਰਜਵਾਹਾ ਮੰਡੀ ਗੋਬਿੰਦਗੜ੍ਹ ਦੇ ਪਿੰਡ ਅਜਨਾਲੀ ਤੋਂ ਨਿਕਲਦਾ ਹੈ। ਇਹ ਕਾਫ਼ੀ ਡੂੰਘਾ ਹੈ। ਗਰਮੀਆਂ ਵਿੱਚ ਇੱਥੇ ਬੱਚੇ ਅਤੇ ਨੌਜਵਾਨ ਆਪਣੀ ਜਾਨ ਨਾਲ ਖੇਡ ਕੇ ਨਹਾਉਂਦੇ ਹਨ। ਮੰਗਲਵਾਰ ਨੂੰ ਆਰੀਅਨ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਬੱਚੇ ਨਾਲ ਨਹਾਉਣ ਗਿਆ ਸੀ। ਹੋਰ ਬੱਚੇ ਵੀ ਰਜਵਾਹੇ ‘ਚ ਛਾਲ ਮਾਰ ਕੇ ਨਹਾ ਰਹੇ ਸਨ।
ਇਸ ਦੌਰਾਨ ਨਹਾਉਂਦੇ ਸਮੇਂ ਆਰੀਅਨ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਬੱਚਿਆਂ ਨੇ ਰੌਲਾ ਪਾਇਆ। ਜਦੋਂ ਤੱਕ ਲੋਕਾਂ ਨੇ ਇਕੱਠੇ ਹੋ ਕੇ ਉਸ ਨੂੰ ਬਾਹਰ ਕੱਢਿਆ, ਉਦੋਂ ਤੱਕ ਆਰੀਅਨ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦੇ ਹੀ ਮੰਡੀ ਗੋਬਿੰਦਗੜ੍ਹ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਰੀਅਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਸੀ। ਆਰੀਅਨ ਦੀ ਮੌਤ ਤੋਂ ਬਾਅਦ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ।
ਨਹਿਰਾਂ ਅਤੇ ਰਜਵਾਹਿਆਂ ਵਿੱਚ ਨਹਾਉਣ ਸਮੇਂ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਨਹਿਰਾਂ ਅਤੇ ਰਜਵਾਹਿਆਂ ਵਿੱਚ ਨਹਾਉਣ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਬਾਵਜੂਦ ਸ਼ਰੇਆਮ ਉਲੰਘਣਾਵਾਂ ਹੋ ਰਹੀਆਂ ਹਨ। ਆਮ ਵੇਖਣ ਵਿੱਚ ਆਉਂਦਾ ਹੈ ਕਿ ਬੱਚੇ ਅਤੇ ਨੌਜਵਾਨ ਨਹਿਰਾਂ ਅਤੇ ਦਰਿਆਵਾਂ ਵਿੱਚ ਨਹਾਉਂਦੇ ਹਨ। ਕੋਈ ਵੀ ਪੁਲੀਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕਰਦਾ।