ਸੰਗਰੂਰ ਜ਼ਿਮਨੀ ਚੋਣ: ਲੋਕਾਂ ਦਾ ਫਤਵਾ ਸਿਰ-ਮੱਥੇ: ਆਪ

  • ਬਹੁਤ ਸਖ਼ਤ ਮੁਕਾਬਲੇ ਵਿੱਚ ਹੋਈ ਸਾਡੀ ਹਾਰ, ਪਰ ਕਾਂਗਰਸ-ਅਕਾਲੀ-ਭਾਜਪਾ ਦੀ ਤਾਂ ਜ਼ਮਾਨਤ ਹੀ ਜ਼ਬਤ ਹੋ ਗਈ: ਮਲਵਿੰਦਰ ਕੰਗ
  • ਆਪ ਸਰਕਾਰ ਨੇ ਕੰਮ ਹਲੇ ਸ਼ੁਰੂ ਹੀ ਕੀਤਾ ਹੈ, ਆਉਣ ਵਾਲੇ ਦਿਨਾਂ ‘ਚ ਲੋਕਾਂ ‘ਤੇ ਦੇਖਣ ਨੂੰ ਮਿਲੇਗਾ ਕੰਮ ਦਾ ਅਸਰ: ਮਾਲਵਿੰਦਰ ਕੰਗ
  • ‘ਆਪ’ ਹਾਰ ਤੋਂ ਡਰਨ ਵਾਲੀ ਪਾਰਟੀ ਨਹੀਂ, ਅਸੀਂ ਪਿਛਲੇ ਸਮੇਂ ‘ਚ ਬਹੁਤ ਸਾਰੀਆਂ ਹਾਰਾਂ-ਜਿੱਤਾਂ ਦੇਖੀਆਂ ਹਨ: ਮਲਵਿੰਦਰ ਕੰਗ

ਚੰਡੀਗੜ੍ਹ/ਸੰਗਰੂਰ, 26 ਜੂਨ 2022 – ਸੰਗਰੂਰ ਉਪ ਚੋਣ ਦੇ ਨਤੀਜੇ ‘ਤੇ ਆਮ ਆਦਮੀ ਪਾਰਟੀ (ਆਪ) ਨੇ ਕਿਹਾ, “ਅਸੀਂ ਸਿਰ ਝੁਕਾ ਕੇ ਲੋਕਾਂ ਦੇ ਫਤਵੇ ਨੂੰ ਮੰਨਦੇ ਹਾਂ ਅਤੇ ਇਸਦਾ ਸਤਿਕਾਰ ਕਰਦੇ ਹਾਂ।” ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਕਿਹਾ ਕਿ ‘ਆਪ’ ਉਮੀਦਵਾਰ ਗੁਰਮੇਲ ਸਿੰਘ ਇੱਕ ਬਹੁਤ ਹੀ ਸਖ਼ਤ ਮੁਕਾਬਲੇ ਵਿੱਚ ਹਾਰ ਗਏ।

ਕੰਗ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਸਿਰਫ਼ 2% ਘਟਿਆ ਹੈ। ਜਦਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ।

ਇਸ ਵਾਰ ਆਮ ਆਦਮੀ ਪਾਰਟੀ ਨੂੰ 34.65 ਫੀਸਦੀ ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਨੂੰ 9 ਫੀਸਦੀ, ਕਾਂਗਰਸ ਨੂੰ 11 ਅਤੇ ਅਕਾਲੀ ਨੂੰ 6 ਫੀਸਦੀ ਵੋਟਾਂ ਮਿਲੀਆਂ ਹਨ। 2019 ਲੋਕ ਸਭਾ ਵਿੱਚ ਕਾਂਗਰਸ ਦੀ ਵੋਟ ਪ੍ਰਤੀਸ਼ਤਤਾ 27% ਸੀ, ਜੋ ਇਸ ਚੋਣ ਵਿੱਚ ਘਟ ਕੇ ਸਿਰਫ 11% ਰਹਿ ਗਈ ਹੈ। 2019 ਵਿੱਚ ਅਕਾਲੀ ਦਲ ਨੂੰ 24% ਵੋਟਾਂ ਮਿਲੀਆਂ ਸਨ ਜੋ ਹੁਣ ਘਟ ਕੇ ਸਿਰਫ਼ 6% ਰਹਿ ਗਈਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੇ ਰਵਾਇਤੀ ਪਾਰਟੀਆਂ ਤੋਂ ਬਿਲਕੁਲ ਹੀ ਮੂੰਹ ਮੋੜ ਲਿਆ ਹੈ।

ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿੱਤ-ਹਾਰ ਤੋਂ ਘਬਰਾਉਣ ਵਾਲੀ ਪਾਰਟੀ ਨਹੀਂ ਹੈ। ਅਸੀਂ ਆਮ ਲੋਕਾਂ ‘ਚੋਂ ਹਾਂ ਅਤੇ ਲੋਕਾਂ ਵਿਚ ਰਹਾਂਗੇ। ਪਾਰਟੀ ਨੇ ਪਹਿਲਾਂ ਵੀ ਅਜਿਹੀਆਂ ਕਈ ਹਾਰਾਂ ਅਤੇ ਜਿੱਤਾਂ ਦੇਖੀਆਂ ਹਨ।

2014 ਦੀਆਂ ਲੋਕ ਸਭਾ ਚੋਣਾਂ ‘ਚ ਦਿੱਲੀ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਸੀ, ਪਰ ਪਾਰਟੀ ਨੇ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 70 ਵਿੱਚੋਂ 67 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੇ ਸੰਗਰੂਰ ਦੇ ਰੂਪ ‘ਚ ਇੱਕੋ ਸੰਸਦ ਦੀ ਸੀਟ ਜਿੱਤੀ ਸੀ, ਪਰ 2020 ਵਿੱਚ ਮੁੜ ਦਿੱਲੀ ਵਿਧਾਨ ਸਭਾ ਚੋਣਾਂ ਅਤੇ 2022 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੇ ਇਤਿਹਾਸਿਕ ਅਤੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ।

ਕੰਗ ਨੇ ਕਿਹਾ ਕਿ ਪਾਰਟੀ ਸੰਗਰੂਰ ਉਪ ਚੋਣ ਦੇ ਨਤੀਜੇ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਅਸੀਂ ਇਸ ਦੀ ਸਮੀਖਿਆ ਕਰਾਂਗੇ ਅਤੇ ਇਸ ‘ਤੇ ਵਿਚਾਰ ਕਰਾਂਗੇ।

‘ਆਪ’ ਆਗੂ ਨੇ ਜ਼ਿਮਨੀ ਚੋਣਾਂ ਵਿੱਚ ਘੱਟ ਵੋਟਿੰਗ ਨੂੰ ਹਾਰ ਦਾ ਵੱਡਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਅਤੇ ਅੱਤ ਦੀ ਗਰਮੀ ਕਾਰਨ ਲੱਖਾਂ ਲੋਕਾਂ ਨੇ ਵੋਟ ਨਹੀਂ ਪਾਈ। ਉਨ੍ਹਾਂ ਕਿਹਾ ਕਿ ਅਸੀਂ ਇਸ ਚੋਣ ਤੋਂ ਸਬਕ ਸਿੱਖਾਂਗੇ ਅਤੇ ਭਵਿੱਖ ਵਿੱਚ ਪੰਜਾਬ ਦੇ ਲੋਕਾਂ ਲਈ ਹੋਰ ਮਿਹਨਤ ਨਾਲ ਕੰਮ ਕਰਾਂਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਬੀਰ ਬਾਦਲ ਨੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਣ ’ਤੇ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਵਧਾਈ

ਲੋਕ ਸਭਾ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਦੇ ਹਲਕਾ ਵਾਰ ਨਤੀਜੇ, ਪੜ੍ਹੋ