ਆਪ-ਕਾਂਗਰਸ ਤੇ ਭਾਜਪਾ ਜਾਤੀ ਤੇ ਫਿਰਕੂ ਆਧਾਰਿਤ ’ਤੇ ਲੋਕਾਂ ਦਾ ਧਰੁਵੀਕਰਨ ਕਰਨਾ ਚਾਹੁੰਦੇ ਹਨ: ਸੁਖਬੀਰ ਬਾਦਲ

  • ਕਿਹਾ ਕਿ ਵੰਡ ਪਾਊ ਰਾਜਨੀਤੀ ਨੂੰ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਮਿਲੇਗੀ
  • ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ ਨੇ ਸਾਕਾ ਨੀਲਾ ਤਾਰਾ ਦਾ ਸਵਾਗਤ ਕਰਦਿਆਂ ਇਸ ਲਈ ਇੰਦਰਾ ਗਾਂਧੀ ਦਾ ਧੰਨਵਾਦ ਕੀਤਾ ਸੀ: ਸੁਖਬੀਰ ਸਿੰਘ ਬਾਦਲ

ਗੁਰਦਾਸਪੁਰ, 25 ਮਈ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਸਭ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਨਾਲ ਲੈ ਕੇ ਚੱਲਣ ਲਈ ਵਚਨਬੱਧ ਹੈ ਜਦੋਂ ਕਿ ਉਹਨਾਂ ਨੇ ਆਮ ਆਦਮੀ ਪਾਰਟੀ (ਆਪ), ਕਾਂਗਰਸ ਗਠਜੋੜ ਤੇ ਭਾਜਪਾ ’ਤੇ ਜਾਤੀ ਅਤੇ ਫਿਰਕੂ ਲੀਹਾਂ ’ਤੇ ਲੋਕਾਂ ਦਾ ਧਰੁਵੀਕਰਨ ਕਰਨ ਦੇ ਯਤਨ ਕਰਨ ਦਾ ਦੋਸ਼ ਲਗਾਇਆ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਦੀਨਾ ਨਗਰ, ਭੋਆ, ਸੁਜਾਨਪੁਰ ਤੇ ਪਠਾਨਕੋਟ ਵਿਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਚੋਣਾਂ ਵਿਚ ਲਾਹਾ ਲੈਣ ਲਈ ਇਕ ਭਾਈਚਾਰੇ ਨੂੰ ਦੂਜੇ ਨਾਲ ਲੜਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਉਹਨਾਂ ਕਿਹਾ ਕਿ ਆਬਾਦੀ ਦਾ ਇਕ ਫੀਸਦੀ ਲੋਕਾਂ ਨੂੰ ਵੀ ਸੰਵਿਧਾਨ ਮੁਤਾਬਕ ਉਨੇ ਹੀ ਅਧਿਕਾਰ ਹਾਸਲ ਹਨ ਜਿਹਨਾਂ ਕਿ 99 ਫੀਸਦੀ ਆਬਾਦੀ ਵਾਲੇ ਲੋਕਾਂ ਨੂੰ ਹਨ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸੰਸਦੀ ਚੋਣਾਂ ਵਿਚ ਵੰਡ ਪਾਊ ਰਾਜਨੀਤੀ ਨੂੰ ਵਿਆਪਕ ਤੌਰ ’ਤੇ ਰੱਦ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਹਰਿਆਣਾ ਤੇ ਦਿੱਲੀ ਵਿਚ ਵੇਖਿਆ ਕਿ ਵੰਡ ਪਾਊ ਰਾਜਨੀਤੀ ਖਿਲਾਫ ਲੋਕ ਉਭਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਨੇ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾਉਣ ਦਾ ਮਨ ਬਣਾ ਲਿਆ ਹੈ ਕਿਉਂਕਿ ਸਿਰਫ ਇਹੀ ਖੇਤਰੀ ਤਾਕਤ ਹੈ ਜੋ ਪੰਜਾਬ ਨੂੰ ਪਹਿਲਾਂ ਰੱਖਦੀ ਹੈ ਤੇ ਕਦੇ ਵੀ ਦਰਿਆਈ ਪਾਣੀ ਤੇ ਚੰਡੀਗੜ੍ਹ ਸਮੇਤ ਅਹਿਮ ਮੁੱਦਿਆਂ ’ਤੇ ਕਦੇ ਸਮਝੌਤਾ ਨਹੀਂ ਕਰੇਗਾ।

ਸਰਦਾਰ ਬਾਦਲ ਨੇ ਪੰਥ ਦੀਆਂ ਧਾਰਮਿਕ ਸੰਸਥਾਵਾਂ ਨੂੰ ਬਚਾਉਣ ਵਾਸਤੇ ਵੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਆਰ ਐਸ ਐਸ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧ ’ਤੇ ਕਬਜ਼ਾ ਕਰ ਲਿਆ ਹੈ। ਹੁਣ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਕਿ ਤੁਸੀਂ ਅਜਿਹੀਆਂ ਪਾਰਟੀਆਂ ਨੂੰ ਰੱਦ ਕਰੋ ਜੋ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਕਮਜ਼ੋਰ ਕਰ ਰਹੀਆਂ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਅਪੀਲ ਕਤੀ ਕਿ ਜਦੋਂ 1 ਜੂਨ ਨੂੰ ਉਹ ਪੋਲਿੰਗ ਬੂਥਾਂ ’ਤੇ ਜਾਣਗੇ ਤਾਂ ਉਹ 1 ਜੂਨ 1984 ਨੂੰ ਜ਼ਰੂਰ ਚੇਤੇ ਰੱਖਣ ਕਿਉਂਕਿ ਇਹ ਉਹੀ ਤਾਰੀਕ ਹੈ ਜਿਸ ਦਿਨ ਇੰਦਰਾਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਤੇ ਫਿਰ ਇਸ ਮਗਰੋਂ ਕਾਂਗਰਸ ਦੀ ਸ਼ਹਿ ’ਤੇ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਮਾਸੂਮ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਸਿੱਖ ਕੌਮ ਕਦੇ ਵੀ ਕਾਂਗਰਸ ਦੇ ਸਿੱਖਾਂ ਤੇ ਮਨੁੱਖਤਾ ਖਿਲਾਫ ਜ਼ੁਲਮਾਂ ਨੂੰ ਭੁਲਾ ਨਹੀਂ ਸਕਦੀ।

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸੱਤ ਸਾਲਾਂ ਵਿਚ ਇਸ ਹਲਕੇ ਵਿਚ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਿਆ ਹੈ। ਉਹਨਾਂ ਕਿਹਾ ਕਿ ਇਥੇ ਬਹੁਤ ਸਾਰੇ ਪੁੱਲ ਬਣਨ ਵਾਲੇ ਹਨ ਪਰ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਕੱਖ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਹਲਕੇ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਥੀਨ ਡੈਮ ਯੋਜਨਾ ਬਣਾਈ ਸੀ ਪਰ ਉਸਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਸਿਰਫ ਇਲਾਕੇ ਵਿਚ ਗੈਰ ਕਾਨੂੰਨੀ ਮਾਇਨਿੰਗ ਕਰਨ ਵਿਚ ਦਿਲਚਸਪੀ ਹੈ ਤੇ ਅਜਿਹਾ ਕਰਦਿਆਂ ਉਸਨੇ ਕੌਮੀ ਸੁਰੱਖਿਆ ਨਾਲ ਵੀ ਸਮਝੌਤਾ ਕੀਤਾ ਤੇ ਫੌਜ ਦਾ ਬੁਨਿਆਦੀ ਢਾਂਚਾ ਵੀ ਖ਼ਤਰੇ ਵਿਚ ਪਾ ਦਿੱਤਾ।

ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਨੇ ਸਾਕਾ ਨੀਲਾ ਤਾਰਾ ਦਾ ਸਵਾਗਤ ਕਰਦਿਆਂ ਇੰਦਰਾ ਗਾਂਧੀਦਾ ਇਸ ਅਪਰੇਸ਼ਨ ਲਈ ਧੰਨਵਾਦ ਕੀਤਾ ਸੀ। ਉਸ ਵੇਲੇ ਉਹ ਪ੍ਰਦੇਸ਼ ਕਾਂਗਰਸ ਪ੍ਰਧਾਨ ਸਨ। ਉਹਨਾਂ ਨੇ ਕਾਂਗਰਸ ’ਤੇ ਇਸਾਈ ਭਾਈਚਾਰੇ ਦੀਆਂ ਧੀਆਂ ਦਾ ਚਰਿੱਤਰ ਹਨਨ ਕਰਨ ਦਾ ਵੀ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਇਸ ਹੰਕਾਰੀ ਆਗੂ ਨੂੰ ਸਬਕ ਸਿਖਾਇਆ ਜਾਵੇ ਤੇ ਕੁਦਰਤ ਨੇ ਹੀ 1 ਜੂਨ ਦਾ ਦਿਨ ਵੋਟਾਂ ਵਾਸਤੇ ਤੈਅ ਕੀਤਾ ਹੈ ਜਿਸ ਦਿਨ ਉਸਦੇ ਪਰਿਵਾਰ ਦੇ ਗੁਨਾਹ ਲੋਕਾਂ ਨੂੰ ਚੇਤੇ ਆ ਗਏ ਹਨ।

ਇਸ ਮੌਕੇ ਵੱਖ-ਵੱਖ ਮੀਟਿੰਗਾਂ ਵਿਚ ਕਮਲਜੀਤ ਚਾਵਲਾ, ਰਵੀ ਮੋਹਨ, ਤੇ ਸੁਰਿੰਦਰ ਸਿੰਘ ਮਿੰਟੂ ਵੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

50,000 ਰੁਪਏ ਦੀ ਰਿਸ਼ਵਤ ਮੰਗਣ ਵਾਲੇ ਨਾਇਬ ਤਹਿਸੀਲਦਾਰ ਦੇ ਰੀਡਰ ਖਿਲਾਫ ਵਿਜੀਲੈਂਸ ਵੱਲੋਂ ਕੇਸ ਦਰਜ

ਰਾਜਕੋਟ ਗੇਮ ਜ਼ੋਨ ਹਾਦਸੇ ‘ਚ ਹੁਣ ਤੱਕ 28 ਮੌਤਾਂ: ਮਰਨ ਵਾਲਿਆਂ ‘ਚ 12 ਬੱਚੇ, ਰਾਸ਼ਟਰਪਤੀ ਅਤੇ ਪੀ ਐਮ ਨੇ ਜਤਾਇਆ ਦੁੱਖ