- 20 ਤੋਂ ਜ਼ਿਆਦਾ ਭਾਜਪਾ ਆਗੂਆਂ ਨੇ ਤਥਾਕਥਿਤ ਤੌਰ ‘ਤੇ ਦੇਸ਼ ਦੇ ਕਿਸਾਨਾਂ ਲਈ ਵਰਤੀ ਭੱਦੀ ਭਾਸ਼ਾ
- ਲੀਗਲ ਨੋਟਿਸ ‘ਚ ਕਿਸਾਨਾਂ ਨੇ ਕਿਹਾ, ‘ ਇਹ ਅਪਮਾਨ ਜਨਤ ਟਿੱਪਣੀ ਇਕ ਸੋਚੀ-ਸਮਝੀ ਸਾਜਿਸ਼’
- ਕੀ ਭਾਜਪਾ ਨੂੰ ਸਾਡੇ ਦੇਸ਼ ਦੇ ਕਿਸਾਨ ਅੱਤਵਾਦੀ ਲੱਗਦੇ ਹਨ ? ਰਾਘਵ ਚੱਢਾ
ਚੰਡੀਗੜ੍ਹ/ਮੋਗਾ, 2 ਜਨਵਰੀ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਮੋਗਾ ‘ਚ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕਿਸਾਨਾਂ ਨੇ ਹੁਣ ਭਾਜਪਾ ਦੇ ਆਗੂਆਂ ਵੱਲੋਂ ਕੀਤੀਆਂ ਗਈਆਂ ਅਪਮਾਨ ਜਨਕ ਟਿੱਪਣੀਆਂ ਲਈ ਲੀਗਲ ਨੋਟਿਸ ਭੇਜਣਾ ਸ਼ੁਰੂ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਇਸ ‘ਚ ਕਿਸਾਨਾਂ ਨੂੰ ਕਾਨੂੰਨੀ ਸਹਾਇਤਾ ਅਤੇ ਸਲਾਹ ਮੁਹੱਈਆ ਕਰਵਾ ਰਹੀ ਹੈ। ਇਸ ਕੜੀ ‘ਚ ਪਹਿਲਾਂ 3 ਲੀਗਲ ਨੋਟਿਸ ਕਿਸਾਨਾਂ ਵੱਲੋਂ ਗੁਜਰਾਤ ਦੇ ਉਪ-ਮੁੱਖ ਮੰਤਰੀ ਨਿਤਿਨ ਪਟੇਲ, ਕੇਂਦਰੀ ਮੰਤਰੀ ਗਿਰੀਰਾਜ ਸਿੰਘ ਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਰਾਮ ਮਾਧਵ ਨੂੰ ਭੇਜੇ ਗਏ ਹਨ।
ਰਾਘਵ ਚੱਢਾ ਨੇ ਕਿਹਾ ਕਿ, ‘ਕਿਸਾਨਾਂ ਨੇ ਮੋਦੀ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਜਿਸ ਦੇ ਬਦਲੇ ਉਨ੍ਹਾਂ ਨੂੰ ਗਾਲਾਂ ਮਿਲੀਆਂ। ਭਾਜਪਾ ਦੇ ਮੰਤਰੀਆਂ, ਚੁਣੇ ਹੋਏ ਪ੍ਰਤੀਨਿਧਾਂ ਅਤੇ ਆਗੂਆਂ ਨੇ ਕਿਸਾਨਾਂ ਲਈ ਗਲਤ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਅੱਤਵਾਦੀ, ਦੇਸ਼ਧ੍ਰੋਹੀ, ਗੁੰਡਾ, ਦਲਾਲ ਅਤੇ ਚੀਨ-ਪਾਕਿਸਤਾਨ ਦਾ ਏਜੰਟ ਦੱਸਿਆ। ਕੀ ਭਾਜਪਾ ਨੂੰ ਸਾਡੇ ਦੇਸ਼ ਦੇ ਕਿਸਾਨ ਅੱਤਵਾਦੀ ਲੱਗਦੇ ਹਨ? ਹੁਣ ਕਿਸਾਨ ਅਪਮਾਨ ਅਤੇ ਗਾਲਾਂ ਨਹੀਂ ਸਹਿਣ ਵਾਲੇ, ਕਿਸਾਨ ਹੁਣ ਨਿਆਂ ਲਈ ਅਦਾਲਤ ਦਾ ਦਰਵਾਜਾ ਖਟਕਾਉਣਾ ਚਾਹੁੰਦੇ ਹਨ। ਭਾਜਪਾ ਦੇ ਆਗੂਆਂ ਦੀ ਅਪਮਾਨਜਨਕ, ਨਿੰਦਣਯੋਗ ਅਤੇ ਕਲੰਕਿਤ ਕਰਨ ਵਾਲੀਆਂ ਟਿੱਪਣੀਆਂ ਖਿਲਾਫ ਅਦਾਲਤ ਵੱਲ ਰੁਖ ਕਰਨ ਵਾਲੇ ਕਿਸਾਨਾਂ ਨੂੰ ਆਮ ਆਦਮੀ ਪਾਰਟੀ ਕਾਨੂੰਨੀ ਸਲਾਹ ਅਤੇ ਮਦਦ ਦੇ ਰਹੀ ਹੈ ਅਤੇ ਸਾਡਾ ਇਹ ਵਿਸ਼ਵਾਸ ਹੈ ਕਿ ਜਿੱਤ ਕਿਸਾਨਾਂ ਦੀ ਹੋਵੇਗੀ।’
ਰਾਘਵ ਚੱਢਾ ਨੇ ਕਿਹਾ ਕਿ ਕਰੀਬ 20 ਤੋਂ ਜ਼ਿਆਦਾ ਭਾਜਪਾ ਆਗੂਆਂ ਨੇ ਤਥਾਕਥਿਤ ਤੌਰ ਉੱਤੇ ਦੇਸ਼ ਦੇ ਕਿਸਾਨਾਂ ਲਈ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਹੈ। ਜਿਵੇਂ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਭਾਜਪਾ ਦੇ ਸੰਸਦ ਮੈਂਬਰ ਗਿਰੀਰਾਜ ਸਿੰਘ, ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਤੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਰਾਮ ਮਾਧਵ ਆਦਿ ਦੇ ਨਾਮ ਸ਼ਾਮਲ ਹਨ।
ਰਾਘਵ ਚੱਢਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ 12 ਦਸੰਬਰ ਨੂੰ ਕਿਸਾਨਾਂ ਦੇ ਲਈ ਕਿਹਾ ਸੀ, ‘ਕਿਸਾਨ ਅੰਦੋਲਨ ਨੂੰ ਭੜਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਅੰਦੋਲਨ ‘ਚ ਕਿਸਾਨਾਂ ਦੇ ਹਿੱਤ ਦੀ ਗੱਲ ਨਹੀਂ ਹੋ ਰਹੀ। ਕਿਸਾਨ ਅੰਦੋਲਨ ‘ਚ ਵਿਦੇਸ਼ੀ ਤਾਕਤਾਂ ਦਾਖਲ ਹੋ ਰਹੀਆਂ ਹਨ। ਖਾਲਿਸਤਾਨ ਅਤੇ ਸ਼ਰਜੀਲ ਇਮਾਮ ਦੇ ਪੋਸਟਰ ਲਗਾਏ ਜਾ ਰਹੇ ਹਨ।’ ਇਸ ਤੋਂ ਦੁੱਖੀ ਹੋ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਜਗਦੇਵ ਕਾਲਨ ਦੇ ਰਹਿਣ ਵਾਲੇ ਕੁਲਦੀਪ ਸਿੰਘ ਧਾਲੀਵਾਲ ਨੇ ਲੀਗਲ ਨੋਟਿਸ ਭੇਜਿਆ ਹੈ।
ਗੁਜਰਾਤ ਦੇ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ 17 ਦਸੰਬਰ ਨੂੰ ਕਿਹਾ ਸੀ ਕਿ, ‘ਕਿਸਾਨਾਂ ਦੇ ਨਾਮ ‘ਤੇ ਇਸ ਅੰਦੋਲਨ ਵਿੱਚ ਦੇਸ਼ ਵਿਰੋਧੀ, ਅੱਤਵਾਦੀ, ਖਾਲਿਸਤਾਨੀ, ਕਮਿਊਨਿਸਟ ਅਤੇ ਚੀਨ ਸਮਰਥਕ ਲੋਕ ਸ਼ਾਮਲ ਹੋ ਗਏ ਹਨ। ਅਸੀਂ ਦੇਖ ਸਕਦੇ ਹਾਂ ਕਿ ਉਥੇ ਪੀਜਾ ਅਤੇ ਪਕੌੜੇ ਖਾਧੇ ਜਾ ਰਹੇ ਹਨ ਅਤੇ ਇਹ ਸਭ ਉਥੇ ਮੁਫਤ ਵਿੱਚ ਮਿਲ ਰਹੇ ਹਨ। ਦੇਸ਼ ਵਿਰੋਧੀ ਤਾਕਤਾਂ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਲੱਖਾਂ ਰੁਪਏ ਦੇ ਰਹੀਆਂ ਹਨ।’ ਇਸ ਤੋਂ ਦੁੱਖੀ ਹੋ ਕੇ ਜਲੰਧਰ ਦੇ ਰਹਿਣ ਵਾਲੇ ਕਿਸਾਨ ਰਮਣੀਕ ਸਿੰਘ ਰੰਧਾਵਾ ਨੇ ਉਨ੍ਹਾਂ ਲੀਗਲ ਨੋਟਿਸ ਭੇਜਕੇ ਬਿਨਾਂ ਸ਼ਰਤ ਕਿਸਾਨਾਂ ਤੋਂ ਮੁਆਫੀ ਮੰਗਣ ਅਤੇ ਕਿਸਾਨਾਂ ਖਿਲਾਫ ਬੋਲੇ ਗਏ ਅਪਮਾਨਜਨਕ ਸ਼ਬਦ ਵਾਪਸ ਲੈਣ ਦੀ ਮੰਗ ਕੀਤੀ ਹੈ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਨੇ ਬਿਆਨ ਦਿੱਤਾ ਸੀ ਕਿ ਕਿਸਾਨਾਂ ਦਾ ਜੋ ਅੰਦੋਲਨ ਚਲ ਰਿਹਾ ਹੈ, ਉਸ ਨੂੰ ਖਾਲਿਸਤਾਨੀਆਂ ਵੱਲੋਂ ਫੰਡ ਦਿੱਤਾ ਗਿਆ ਹੈ। ਇਸ ਤੋਂ ਦੁੱਖੀ ਹੋ ਕੇ ਸੰਗਰੂਰ ਦੇ ਕਿਸਾਨ ਸੁਖਵਿੰਦਰ ਸਿੰਘ ਸਿੱਧੂ (ਮਹਿੰਦਰ ਸਿੰਘ ਸਿੱਧੂ) ਨੇ ਉਨ੍ਹਾਂ ਨੂੰ ਲੀਗਲ ਨੋਟਿਸ ਭੇਜਕੇ ਬਿਨਾਂ ਸ਼ਰਤ ਕਿਸਾਨਾਂ ਤੋਂ ਮੁਆਫੀ ਮੰਗਣ ਅਤੇ ਕਿਸਾਨਾਂ ਖਿਲਾਫ ਬੋਲੇ ਗਏ ਅਪਮਾਨ ਜਨਕ ਸ਼ਬਦ ਵਾਪਸ ਲੈਣ ਦੀ ਮੰਗ ਕੀਤੀ ਹੈ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਬੀਬੀ ਸਰਬਜੀਤ ਕੌਰ ਮਾਣੂੰਕੇ, ਮੀਤ ਹੇਅਰ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਪ੍ਰਿੰਸੀਪਲ ਬੁੱਧ ਰਾਮ, ਕੁਲਵੰਤ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ), ਹਰਮਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ, ਦੀਪਕ ਜ਼ਿਲ੍ਹਾ ਸਕੱਤਰ, ਅਮਨ ਰਖੜਾ ਜ਼ਿਲ੍ਹਾ ਮੀਡੀਆ ਇੰਚਾਰਜ, ਤੇਜਿੰਦਰ ਬਰਾੜ ਜ਼ਿਲ੍ਹਾ ਖਜ਼ਾਨਚੀ, ਅਵਤਾਰ ਬੰਟੀ ਪ੍ਰਬੰਧਕ, ਬੀਰ ਸਿੰਘ, ਨਸੀਬ ਬਾਵਾ, ਨਵਦੀਪ ਸੰਘਾ, ਅਜੈ ਸ਼ਰਮਾ, ਅਮ੍ਰਿਤਪਾਲ ਸਿੱਧੂ, ਸੰਜੀਵ ਕੋਚਰ, ਅਜਮੇਰ ਕਾਲੜਾ, ਮਨਪ੍ਰੀਤ ਰਿੰਕੂ, ਵਿਕਰਮ ਘਾਤੀ ਤੇ ਗੋਲਡੀ ਹਾਜ਼ਰ ਸਨ।