- ‘ਆਪ’ ਪੰਜਾਬ ਦੇ ਪ੍ਰਭਾਰੀ ਜਰਨੈਲ ਸਿੰਘ ਨੇ ਪਾਰਟੀ ਅਹੁਦੇਦਾਰਾਂ ਨਾਲ ਕੀਤੀ ਬੈਠਕ
- ਵਿਧਾਨ ਸਭਾ ਚੋਣਾ ਦੀ ਤਰ੍ਹਾਂ ਨਿਗਮ ਚੋਣਾਂ ਵਿੱਚ ਵੀ ‘ਆਪ’ ਪ੍ਰਾਪਤ ਕਰੇਗੀ ਵੱਡੀ ਜਿੱਤ, ਚਾਰੇ ਨਿਗਮਾਂ ਦੇ ਮੇਅਰ ਹੋਣਗੇ ‘ਆਪ’ ਦੇ: ਜਰਨੈਲ ਸਿੰਘ
ਪੰਜਾਬ ਵਿੱਚ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਚਾਰ ਨਗਰ ਨਿਗਮਾਂ ਦੀਆਂ ਚੋਣਾਂ ਬਾਰੇ ਆਮ ਆਦਮੀ ਪਾਰਟੀ (ਆਪ) ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਜ਼ਿਲ੍ਹਾ ਪ੍ਰਧਾਨਾਂ, ਲੋਕ ਸਭਾ ਇੰਚਾਰਜਾਂ ਅਤੇ ਜ਼ਿਲ੍ਹਾ ਸਕੱਤਰਾਂ ਸਮੇਤ ਹੋਰ ਆਹੁਦੇਦਾਰਾਂ ਨਾਲ ਬੈਠਕ ਕਰਕੇ ਨਗਰ ਨਿਗਮ ਚੋਣਾਂ ਬਾਰੇ ਰਣਨੀਤੀ ’ਤੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਨਗਰ ਨਿਗਮਾਂ ਦੀਆਂ ਚੋਣਾ ਦਸੰਬਰ 2022 ਵਿੱਚ ਕਰਵਾਈਆਂ ਜਾਣੀਆਂ ਹਨ।
ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ ਨੇ ਚਾਰ ਨਗਰ ਨਿਗਮਾਂ ਦੀਆਂ ਚੋਣਾਂ ਲੜਨ ਲਈ ਤਿਆਰੀਆਂ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾ ਦੌਰਾਨ ਆਮ ਆਦਮੀ ਪਾਰਟੀ ਨੇ ਸਾਰੇ ਜ਼ਿਲਿ੍ਹਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਵੱਡੇ ਆਗੂ ਚੋਣਾਂ ਹਾਰ ਗਏ ਹਨ। ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ’ਤੇ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ ਹੈ ਅਤੇ ਪਟਿਆਲਾ ਤੋਂ ਆਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੀ ਸੀਟ ਵੀ ਬੁਰੀ ਤਰ੍ਹਾਂ ਹਾਰ ਗਏ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੀਆਂ ਕੁੱਲ 14 ਸੀਟਾਂ ਵਿੱਚੋਂ ‘ਆਪ’ ਨੇ 13 ਸੀਟਾਂ ਜਿੱਤੀਆਂ ਅਤੇ ਅੰਮ੍ਰਿਤਸਰ ਵਿੱਚੋਂ ਵੀ ਪਾਰਟੀ ਨੇ 11 ਵਿਚੋਂ 9 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ।
ਜਰਨੈਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਹੋਈ ਜਿੱਤ ਨਾਲ ਕਈ ਚੰਗੇ ਸੰਕੇਤ ਸਾਹਮਣੇ ਆਏ ਹਨ, ਜਿਵੇਂ ਪਟਿਆਲਾ ਨਗਰ ਨਿਗਮ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ‘ਆਪ’ ’ਚ ਸ਼ਾਮਲ ਹਨ ਅਤੇ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਚੁਣੇ ਗਏ ਹਨ। ਵਿਧਾਇਕ ਕੋਹਲੀ ਦੀ ਪਟਿਆਲਾ ਸ਼ਹਿਰ ਦੇ ਲੋਕਾਂ ਵਿੱਚ ਚੰਗੀ ਪਹਿਚਾਣ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੀ ‘ਆਪ’ ਦੇ ਆਗੂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੰਜਾਬ ਦੇ ਲੋਕਾਂ ਲਈ ਵੱਡੇ ਫ਼ੈਸਲੇ ਕਰ ਰਹੇ ਹਨ। ਪੰਜਾਬ ਚੋਣਾ ’ਚ ਹੋਈ ਵੱਡੀ ਜਿੱਤ ਦੇ ਨਾਲ ਨਾਲ ਸਰਕਾਰ ਦੇ ਕੰਮਾਂ ਅਤੇ ਫ਼ੈਸਲਿਆਂ ਦਾ ਵੀ ਨਿਗਮ ਚੋਣਾ ਵਿੱਚ ਪਾਰਟੀ ਨੂੰ ਵੱਡਾ ਲਾਭ ਮਿਲੇਗਾ। ਇਸ ਲਈ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾ ਦੀ ਤਰ੍ਹਾਂ ਨਿਗਮ ਚੋਣਾ ਵਿੱਚ ਵੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਅਤੇ ਚਾਰੇ ਨਿਗਮਾਂ ਵਿੱਚ ਆਪਣੇ ਮੇਅਰ ਬਣਾਏਗੀ।