ਮੋਹਾਲੀ 14 ਮਈ 2024 – ਅੱਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵਿਧਾਨ ਸਭਾ ਹਲਕਾ ਮੋਹਾਲੀ ਦੇ ਪਿੰਡ ਲਾਂਡਰਾਂ ਵਿਖੇ ਇੱਕ ਭਰਵੀਂ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਗਰੰਟੀਆਂ ਦੇਣ ਵਾਲੀ ਆਪ ਸਰਕਾਰ ਹਰ ਫਰੰਟ ਤੋਂ ਫੇਲ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ 23 ਫਸਲਾਂ ਉੱਪਰ ਐਮਐਸਪੀ ਦੇਣ, ਔਰਤਾਂ ਲਈ 1000 ਰੁਪਏ ਪੈਨਸ਼ਨ ਯੋਜਨਾ ਲੈਕੇ ਆਉਣ ਅਤੇ ਨੌਜਵਾਨ ਨਾਲ ਲਈ ਨੌਕਰੀਆਂ ਦੇਣ ਦੇ ਦਾਅਵੇ ਕਰਨ ਵਾਲੀ ਸੂਬਾ ਸਰਕਾਰ ਕੋਲੋਂ ਆਪਣੀ ਇੱਕ ਵੀ ਆਖੀ ਗੱਲ ਪੂਰੀ ਨਹੀਂ ਕੀਤੀ ਗਈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਜਿਵੇਂ ਕੇਜਰੀਵਾਲ ਵੱਲੋਂ ਦਿੱਲੀ ਵਾਸੀਆਂ ਨੂੰ ਗਰੰਟੀਆਂ ਦੇ ਨਾਮ ਉੱਤੇ ਠੱਗਿਆ ਗਿਆ ਸੀ ਉਸ ਤਰ੍ਹਾਂ ਹੀ ਮੁੱਖ ਮੰਤਰੀ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕੀਤਾ ਗਿਆ।
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਮੁਫਤ ਬਿਜਲੀ ਦੇਣ ਦੇ ਦਾਅਵੇ ਕਰਨ ਵਾਲੀ ਆਪ ਸਰਕਾਰ ਨੇ ਪੰਜਾਬ ਪਾਵਰ ਕਾਮ ਨੂੰ ਕੰਗਾਲੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ ਹੈ। ਉਹਨਾਂ ਆਖਿਆ ਕੀ ਸੂਬਾ ਸਰਕਾਰ ਮੁਲਾਜ਼ਮਾਂ ਦੀਆਂ ਤਨਖਾਹਾਂ ਉੱਤੇ ਕੱਟ ਲਗਾ ਕੇ ਅਤੇ ਤਨਖਾਹਾਂ ਸਮੇਂ ਤੇ ਨਾ ਦੇਕੇ ਬਿਜਲੀ ਸਬਸਿਡੀ ਦਾ ਪ੍ਰਬੰਧ ਬੜੀ ਮੁਸ਼ਕਿਲ ਨਾਲ ਕਰ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਮੁਫਤ ਬਿਜਲੀ ਦੇ ਦਾਅਵੇ ਕਰਨ ਵਾਲੀ ਸੂਬਾ ਸਰਕਾਰ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਅਕਾਲੀ ਸਰਕਾਰ ਨੇ ਪਹਿਲਾਂ ਤੋਂ ਹੀ ਕੁੱਝ ਸ਼੍ਰੇਣੀਆਂ ਨੂੰ 400 ਯੂਨਿਟ ਮੁਫਤ ਬਿਜਲੀ ਸਹੂਲਤ ਮੁਹੱਈਆ ਕਰਵਾਈ ਹੋਈ ਸੀ। ਉਹਨਾਂ ਆਖਿਆ ਕਿ ਬਹੁਤ ਸਾਰੀਆਂ ਯੋਜਨਾਵਾਂ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਹੀ ਚਲਾਈਆਂ ਜਾ ਚੁੱਕੀਆਂ ਹਨ, ਆਪ ਸਰਕਾਰ ਉਨ੍ਹਾਂ ਨੂੰ ਆਪਣੀਆਂ ਗਰੰਟੀਆਂ ਪੂਰੀਆ ਕਰਨਾ ਦੱਸ ਰਹੀ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਟਾ ਦਾਲ ਸਕੀਮ, ਮੁਫਤ ਟਿਊਵੈਲ ਬਿਜਲੀ, ਗਰੀਬਾਂ ਲਈ ਮੁਫ਼ਤ ਬਿਜਲੀ, ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਸਹੂਲਤਾਂ ਅਤੇ ਲੜਕੀਆਂ ਲਈ ਮਾਈ ਭਾਗੋ ਸਕੀਮ ਤਹਿਤ ਅਨੇਕਾਂ ਯੋਜਨਾਵਾਂ ਅਕਾਲੀ ਸਰਕਾਰ ਵੱਲੋਂ ਪੰਜਾਬੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਪ ਅਤੇ ਕਾਂਗਰਸ ਦੇ ਹੋਏ ਗੱਠਜੋੜ ਨੇ ਕਾਂਗਰਸ ਨੂੰ ਪੰਜਾਬ ਵਿੱਚ ਵਿਰੋਧੀ ਧਿਰ ਦਾ ਰੋਲ ਨਿਭਾਉਣ ਤੋਂ ਖ਼ਾਮੋਸ਼ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਆਪ ਅਤੇ ਕਾਂਗਰਸ ਵੱਲੋਂ ਪੰਜਾਬ ਦੀਆਂ 13 ਸੀਟਾਂ ਉੱਪਰ ਲੜੀ ਜਾ ਰਹੀ ਚੋਣ ਮਹਿਜ਼ ਇੱਕ ਡਰਾਮਾ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਾਂਗਰਸ ਅਤੇ ਆਪ ਦੇ ਗੱਠਜੋੜ ਵਾਲਾ ਉਮੀਦਵਾਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਭਗੌੜਾ ਹੈ, ਉਨ੍ਹਾਂ ਕਿਹਾ ਕਿ ਅਗਲੀ ਵਾਰ ਦੋਵਾਂ ਪਾਰਟੀਆਂ ਦੇ ਇਹ ਉਮੀਦਵਾਰ ਹਲਕੇ ਵਿੱਚ ਕਿਧਰੇ ਨਜ਼ਰ ਨਹੀਂ ਆਉਣਗੇ। ਉਹਨਾਂ ਆਖਿਆ ਕਿ ਚੋਣਾਂ ਤੋਂ ਬਾਅਦ ਹਲਕਾ ਛੱਡ ਭੱਜਣਾ ਕਾਂਗਰਸ ਅਤੇ ਆਪ ਪਾਰਟੀਆਂ ਦਾ ਪਰੰਪਰਿਕ ਇਤਿਹਾਸ ਰਿਹਾ ਹੈ।
ਇਸ ਮੌਕੇ ਹਲਕਾ ਇੰਚਾਰਜ਼ ਮੋਹਾਲੀ ਪਰਵਿੰਦਰ ਸਿੰਘ ਸੋਹਾਣਾ, ਮਨਜੀਤ ਸਿੰਘ, ਰਣਜੀਤ ਸਿੰਘ, ਬਰਿੰਦਰ ਸਿੰਘ ਗਿੱਲ, ਕੁਲਵੰਤ ਸਿੰਘ, ਪਿੱਲਾ ਸਿੰਘ, ਰਵੀ ਸੈਦਪੁਰ, ਸਤਵਿੰਦਰ ਸਿੰਘ, ਅਮਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ ।