- ਪ੍ਰੋ. ਚੰਦੂਮਾਜਰਾ ਵਲੋਂ ਕੱਢੇ ਰੋਡ ਸ਼ੋਅ ਨੂੰ ਹਲਕੇ ਵਿੱਚ ਭਰਵਾਂ ਹੁੰਗਾਰਾ
- ਚੰਦੂਮਾਜਰਾ ਦੇ ਰੋਡ ਸ਼ੋਅ ਨੇ ਵਿਰੋਧੀਆਂ ਦੀ ਚਿੰਤਾ ਵਧਾਈ
ਸ੍ਰੀ ਚਮਕੌਰ ਸਾਹਿਬ, 29 ਮਈ 2024 – ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਆਪਣੇ ਸਮਰਥਕਾਂ ਨਾਲ ਕਾਰਾਂ ਅਤੇ ਟਰੈਕਟਰਾਂ ਦੇ ਵੱਡੇ ਕਾਫ਼ਲੇ ਸਮੇਤ ਵਿਧਾਨ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਜੋ ਕੇ ਮੋਰਿੰਡਾ ਵਿਖੇ ਗੁਰਦੁਆਰਾ ਸ੍ਰੀ ਸ਼ਹੀਦ ਗੰਜ ਸਾਹਿਬ ਤੋਂ ਸ਼ੁਰੂ ਹੋਕੇ ਅਕਾਲੀ ਦਲ ਦੇ ਸ਼ਹਿਰੀ ਦਫ਼ਤਰ ਅਤੇ ਸ੍ਰੀ ਚਮਕੌਰ ਸਾਹਿਬ ਦੇ ਕਮਲ ਪੈਲਿਸ ਤੋਂ ਸ਼ੁਰੂ ਹੋਕੇ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਪਾਰਟੀ ਦਫ਼ਤਰ ਤੱਕ ਪੁੱਜਿਆ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਹਲਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ 1 ਜੂਨ ਨੂੰ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਤੱਕੜੀ ਦਾ ਬਟਨ ਦਵਾਕੇ ਵੋਟ ਪਾਉਣ ਦੀ ਅਪੀਲ ਕੀਤੀ।
ਚੰਦੂਮਾਜਰਾ ਨੇ ਆਖਿਆ ਕਿ ਪਿਛਲੇ ਦਿਨਾਂ ਤੋਂ ਸ਼ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹਲਕੇ ਦੇ ਵੋਟਰਾਂ ਦਾ ਵੱਧ ਰਿਹਾ ਉਤਸ਼ਾਹ ਤੱਕੜੀ ਦੀ ਜਿੱਤ ਦੇ ਸ਼ੰਕੇਤ ਹਨ। ਉਨ੍ਹਾਂ ਆਖਿਆ ਕਿ ਚੌਧਰੀ ਕੇਵਲ ਕ੍ਰਿਸ਼ਨ ਚੌਹਾਨ ਅਤੇ ਬਿਕਰਮ ਸੋਢੀ ਵਰਗੇ ਬੀਜੇਪੀ ਅਤੇ ਬੀਐੱਸਪੀ ਤੇ ਆਪ ਦੇ ਉੱਘੇ ਸਿਆਸੀ ਆਗੂਆਂ ਦੀ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਨੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੀ ਜਿੱਤ ‘ਤੇ ਪੱਕੀ ਮੋਹਰ ਲਗਾਈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਵੱਡੀ ਗਿਣਤੀ ਵਿੱਚ ਆਪ ਅਤੇ ਕਾਂਗਰਸ ਛੱਡ ਆਏ ਨੌਜਵਾਨਾਂ ਦੀ ਪਾਰਟੀ ‘ਚ ਸ਼ਮੂਲੀਅਤ ਨੇ ਅਕਾਲੀ ਦਲ ਦਾ ਆਧਾਰ ਹਲਕੇ ‘ਚ ਹੋਰ ਮਜ਼ਬੂਤ ਕੀਤਾ।
ਪ੍ਰੋ. ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਉਨ੍ਹਾਂ ਵਲੋਂ ਹਲਕਾ ਸ੍ਰੀ ਆਨੰਦਪੁਰ ਸਾਹਿਬ ‘ਚ ਕੱਢੇ ਗਏ ਰੋਡ ਸ਼ੋਅ ਅਤੇ ਚੋਣ ਜਲਸਿਆਂ ਵਿੱਚ ਲੋਕਾਂ ਦਾ ਮਿਲ ਰਿਹਾ ਭਰਭੂਰ ਸਹਿਯੋਗ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਤ ਦੀ ਨਿਸ਼ਾਨੀ ਹੈ। ਉਨ੍ਹਾਂ ਆਖਿਆ ਕਿ ਪਿਛਲੇ ਲਗਭਗ ਸਾਢੇ ਸੱਤਾ ਸਾਲਾਂ ਤੋਂ ਕੇਂਦਰੀ ਪਾਰਟੀਆਂ ਦੁਆਰਾ ਪੰਜਾਬ ਉੱਪਰ ਕੀਤੀ ਜਾ ਰਹੀ ਹਕੂਮਤ ਕਰਕੇ ਸੂਬੇ ਦੇ ਲੋਕਾਂ ਵਿੱਚ ਭਾਰੀ ਰੋਸ ਤੇ ਗੁੱਸਾ ਹੈ, ਜੋ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਜਵਾਲਾਮੁੱਖੀ ਬਣਕੇ ਫੁੱਟੇਗਾ। ਅਕਾਲੀ ਉਮੀਦਵਾਰ ਨੇ ਆਖਿਆ ਕਿ ਆਮ ਆਦਮੀ ਪਾਰਟੀ ਇੱਕ ਤਾਨਾਸ਼ਾਹੀ ਪਾਰਟੀ ਹੈ, ਜਿਸਦੀ ਕਮਾਂਡ ਪੰਜਾਬ ਦੇ ਹੱਥ ਵਿੱਚ ਨਹੀਂ ਬਲਕਿ ਦਿੱਲੀ ਦੇ ਹੱਥ ਵਿੱਚ ਹੈ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਪ ਪਾਰਟੀ ਨੇ ਸੂਬੇ ਦੇ ਵਿਕਾਸ ਨੂੰ ਵੱਡੀ ਢਾਹ ਲਗਾਉਦਿਆਂ ਪੰਜਾਬ ਦੇ ਉਦਯੋਗਿਕ ਅਤੇ ਖੇਤੀ ਖੇਤਰ ਨੂੰ ਉਜਾੜੇ ਦੇ ਕੰਢੇ ਪਹੁੰਚਾ ਦਿੱਤਾ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਆਖਿਆ ਕਿ ਜਿੱਥੇ ਪੰਜਾਬ ਦਾ ਉਦਯੋਗ ਗੁਆਂਢੀ ਸੂਬਿਆ ਵੱਲ ਭੱਜ ਰਿਹਾ ਹੈ, ਉੱਥੇ ਹੀ ਸੂਬੇ ਦਾ ਖੇਤੀ ਖੇਤਰ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੀ ਆ ਰਹੀ ਕਲਿਤ, ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਵਲੋਂ ਕੀਤੀਆਂ ਜਾ ਰਹੀਆਂ ਆਤਮ-ਹੱਤਿਆਵਾਂ, ਦਰਿਆਵਾਂ ਦਾ ਪਲੀਤ ਹੋ ਰਿਹਾ ਪਾਣੀ, ਬੇਰੁਜ਼ਗਾਰੀ ਆਦਿ ਸਮੱਸਿਆਵਾਂ ਦੀ ਫਿਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੇੜੇ ਤੇੜੇ ਵੀ ਨਹੀਂ। ਉਨ੍ਹਾਂ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਦਾ ਸਾਰਾ ਜ਼ੋਰ ਆਪਣੇ ਦਿੱਲੀ ਦਰਬਾਰ ਵੱਲਿਆਂ ਨੂੰ ਖੁਸ਼ ਕਰਨ ਲਈ ਬੀਤ ਰਿਹਾ ਹੈ। ਉਨ੍ਹਾਂ ਹਲਕਾ ਵਾਸੀਆਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਇੱਥੋਂ ਖੇਤਰੀ ਅਤੇ ਕੇਂਦਰੀ ਪਾਰਟੀਆਂ ਵਿੱਚ ਅੰਤਰ ਸਪੱਸ਼ਟ ਹੋ ਜਾਂਦਾ ਹੈ, ਕੇਂਦਰੀ ਪਾਰਟੀਆਂ ਹਮੇਸ਼ਾ ਆਪਣੇ ‘ਸੁਪਰੀਮੋ’ ਨੂੰ ਖੁਸ਼ ਕਰਨ ਵਿੱਚ ਲੱਗੀਆਂ ਰਹਿੰਦੀਆਂ ਹਨ ਅਤੇ ਖੇਤਰੀ ਪਾਰਟੀਆਂ ਆਪਣੇ ਸੂਬਾ ਦੇ ਹਿੱਤਾਂ ਤੇ ਵਿਕਾਸ ਲਈ ਪਹਿਰੇਦਾਰੀ ਕਰਦੀਆਂ ਹਨ।
ਇਸ ਮੌਕੇ ਹਲਕਾ ਇੰਚਾਰਜ਼ ਕਰਨ ਸਿੰਘ ਡੀਟੀਓ, ਸੀਨੀਅਰ ਲੀਡਰ ਹਰਮੋਹਨ ਸਿੰਘ ਸੰਧੂ, ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਐੱਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ, ਬੀਬੀ ਜਗਮੀਤ ਕੌਰ ਸੰਧੂ, ਪੀਏਸੀ ਮੈਂਬਰ ਅਮਨਦੀਪ ਸਿੰਘ ਮਾਂਗਟ, ਨਗਰ ਕੌਂਸਲ ਵਾਈਸ ਪ੍ਰਧਾਨ ਅਮ੍ਰਿਤਪਾਲ ਸਿੰਘ ਖਟੜਾ, ਪ੍ਰਿਤਪਾਲ ਸਿੰਘ ਜੌਲੀ ਐੱਮਸੀ, ਜਸਵੀਰ ਸਿੰਘ ਕਾਈਨੌਰ, ਅਮਰਿੰਦਰ ਸਿੰਘ ਹੈਲੀ, ਬਲਦੇਵ ਸਿੰਘ ਹਵਸਾਬਾਦ, ਲਖਵੀਰ ਸਿੰਘ ਲੱਖੀ, ਸਰਕਲ ਪ੍ਰਧਾਨ ਪਰਮਜੀਤ ਸਿੰਘ, ਸਰਕਲ ਪ੍ਰਧਾਨ ਗੁਰਸ਼ਰਨ ਸਿੰਘ, ਨਰਮਲ ਸਿੰਘ ਰੰਗਾ, ਜਥੇ. ਗੁਰਮੀਤ ਸਿੰਘ, ਜਸਵਿੰਦਰ ਸਿੰਘ, ਸ਼ੇਰ ਸਿੰਘ, ਦਵਿੰਦਰ ਸਿੰਘ, ਰਜਿੰਦਰ ਸਿੰਘ ਸੋਟੂ, ਸਰਕਲ ਪ੍ਰਧਾਨ ਸਰਕਲ ਪ੍ਰਧਾਨ ਹਰਵੰਸ ਸਿੰਘ ਸਮਾਣਾ, ਸੁਰਜੀਤ ਸਿੰਘ ਤਾਜਪੁਰ, ਪੰਥਕ ਕਵੀ ਬਲਵੀਰ ਸਿੰਘ ਬੱਲ, ਜੁਝਾਰ ਸਿੰਘ ਮਾਵੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।