ਤਰਨਤਾਰਨ, 1 ਮਾਰਚ 2024 – ਤਰਨਤਾਰਨ ‘ਚ ਆਮ ਆਦਮੀ ਪਾਰਟੀ ਦੇ ਵਰਕਰ ਗੁਰਪ੍ਰੀਤ ਸਿੰਘ ਗੋਪੀ ਦੀ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੇ ਇਸ ਘਟਨਾ ਨੂੰ ਗੋਇੰਦਵਾਲ ਸਾਹਿਬ ਰੇਲਵੇ ਕਰਾਸਿੰਗ ’ਤੇ ਅੰਜਾਮ ਦਿੱਤਾ। ਗੁਰਪ੍ਰੀਤ ਗੋਪੀ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਨਜ਼ਦੀਕੀ ਸੀ ਅਤੇ ਘਟਨਾ ਦੇ ਸਮੇਂ ਕਾਰ ਵਿੱਚ ਸਫਰ ਕਰ ਰਿਹਾ ਸੀ।
ਇਹ ਘਟਨਾ ਤਰਨਤਾਰਨ ਅਧੀਨ ਪੈਂਦੇ ਗੋਇੰਦਵਾਲ ਸਾਹਿਬ ਰੋਡ ‘ਤੇ ਸਥਿਤ ਰੇਲਵੇ ਫਾਟਕ ‘ਤੇ ਵਾਪਰੀ। ਗੁਰਪ੍ਰੀਤ ਸਿੰਘ ਤਰਨਤਾਰਨ ਤੋਂ ਗੋਇੰਦਵਾਲ ਸਾਹਿਬ ਜਾ ਰਿਹਾ ਸੀ। ਉੱਥੇ ਉਹ ਇੱਕ ਕੇਸ ਵਿੱਚ ਅਦਾਲਤ ਵਿੱਚ ਪੇਸ਼ੀ ਲਈ ਜਾ ਰਿਹਾ ਸੀ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਗੋਇੰਦਵਾਲ ਸਾਹਿਬ ਨੂੰ ਜਾਂਦੇ ਸਮੇਂ ਰੇਲਵੇ ਫਾਟਕ ਬੰਦ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਗੁਰਪ੍ਰੀਤ ਸਿੰਘ ਆਪਣੀ ਕਾਰ ਵਿੱਚ ਬੈਠਾ ਫਾਟਕ ਖੁੱਲ੍ਹਣ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਸਵਿਫਟ ਕਾਰ ‘ਚ ਆਏ ਕੁਝ ਹਮਲਾਵਰਾਂ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਬਹਾਦਰਗੜ੍ਹ ਵਿੱਚ ਇਨੈਲੋ ਆਗੂ ਨਫੇ ਸਿੰਘ ਰਾਠੀ ਦਾ ਵੀ ਇਸੇ ਤਰ੍ਹਾਂ ਕਤਲ ਕਰ ਦਿੱਤਾ ਗਿਆ ਸੀ।
ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅੱਜ ਸਵੇਰੇ ਆਪਣੇ ਘਰ ਤੋਂ ਗੋਇੰਦਵਾਲ ਸਾਹਿਬ ਜਾਣ ਲਈ ਨਿਕਲਿਆ ਸੀ। ਗੁਰਪ੍ਰੀਤ ਸਿੰਘ ਉਥੋਂ ਦੀ ਅਦਾਲਤ ਵਿੱਚ ਕਿਸੇ ਕੇਸ ਵਿੱਚ ਪੇਸ਼ੀ ਲਈ ਜਾ ਰਿਹਾ ਸੀ। ਸ਼ਾਇਦ ਹਮਲਾਵਰਾਂ ਨੂੰ ਉਸ ਦੇ ਜਾਣ ਦਾ ਪਹਿਲਾਂ ਹੀ ਪਤਾ ਸੀ, ਇਸ ਲਈ ਉਹ ਘਰੋਂ ਨਿਕਲਦੇ ਹੀ ਗੁਰਪ੍ਰੀਤ ਸਿੰਘ ਦਾ ਪਿੱਛਾ ਕਰਨ ਲੱਗੇ। ਐਸਐਸਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੂੰ ਕਰੀਬ 5 ਗੋਲੀਆਂ ਲੱਗੀਆਂ ਹਨ। ਫਿਲਹਾਲ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਅਤੇ ਰਸਤੇ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਸਵਿਫਟ ਕਾਰ ਬਾਰੇ ਕੁਝ ਸੁਰਾਗ ਮਿਲ ਸਕਣ।