ਰੂਪਨਗਰ, 17 ਅਪ੍ਰੈਲ 2022 – ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਰੋਪੜ ਤੋਂ ਚੰਡੀਗੜ੍ਹ ਰੋਡ ਤੇ ਸਥਿਤ ਸੋਲਖੀਆਂ ਟੋਲ ਪਲਾਜ਼ਾ ’ਤੇ ਖੜ੍ਹੀ ਐਂਬੂਲੈਂਸ ਦੀ ਚੈਕਿੰਗ ਕੀਤੀ। ਜਿਸ ਵਿੱਚ ਫਸਟ ਏਡ ਤੱਕ ਦਾ ਕੋਈ ਸਮਾਨ ਨਹੀਂ ਸੀ। ਆਕਸੀਜਨ ਸਿਲੰਡਰ ਦੀਆਂ ਪਾਈਪਾਂ ਖੁੱਲੀਆਂ ਪਈਆਂ ਸਨ। ਕੋਈ ਮੈਡੀਕਲ ਅਟੈਂਡਟ ਨਹੀਂ ਸੀ। ਜਿਸ ਤੋਂ ਬਾਅਦ ਵਿਧਾਇਕ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਤੋਂ ਐਂਬੂਲੈਂਸ ਨੂੰ ਮਹਿਜ਼ ਖਾਨਾਪੂਰਤੀ ਕਰਾਰ ਦਿੰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਸਬੰਧਤ ਅਧਿਕਾਰੀਆਂ ਨੂੰ ਐਂਬੂਲੈਂਸ ਦੀ ਅਣਗਹਿਲੀ ‘ਤੇ ਕਾਰਵਾਈ ਕਰਨ ਦੇ ਆਦੇਸ਼ ਵੀ ਦਿੱਤੇ।
ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਸਾਰੇ ਟੋਲ ਪਲਾਜ਼ਿਆਂ ’ਤੇ ਐਂਬੂਲੈਂਸਾਂ ਦੇ ਨਾਂ ’ਤੇ ਕਬਾੜ ਵਾਹਨ ਖੜ੍ਹੇ ਕੀਤੇ ਗਏ ਹਨ। ਜਿਸ ਕਾਰਨ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕੋਲ ਆਕਸੀਜਨ ਸਿਲੰਡਰ ਨਹੀਂ ਹਨ। ਐਂਬੂਲੈਂਸ ਦੇ ਅੰਦਰ ਪਈਆਂ ਦਵਾਈਆਂ ਦੀ ਮਿਆਦ ਵੀ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਜਾਂਚ ਕਰਕੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਸਾਰੇ ਟੋਲ ਪਲਾਜ਼ਿਆਂ ‘ਤੇ ਐਂਬੂਲੈਂਸਾਂ ਖੜ੍ਹੀਆਂ ਕੀਤੀਆਂ ਗਈਆਂ ਹਨ। ਜਿਸ ਦੀ ਨਿਗਰਾਨੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਕਰਦੀ ਹੈ। ਇਹ ਅਥਾਰਟੀ ਕੇਂਦਰ ਸਰਕਾਰ ਦੇ ਟਰਾਂਸਪੋਰਟ ਮੰਤਰਾਲੇ ਦੇ ਅਧੀਨ ਕੰਮ ਕਰਦੀ ਹੈ। ਜੇਕਰ ਟੋਲ ਪਲਾਜ਼ਾ ਦੀ ਹਦੂਦ ਅੰਦਰ ਸੜਕ ’ਤੇ ਕਿਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਐਮਰਜੈਂਸੀ ਵਿੱਚ ਮਦਦ ਲਈ ਐਂਬੂਲੈਂਸ ਖੜ੍ਹੀ ਹੁੰਦੀ ਹੈ। ਹਸਪਤਾਲ ਜਾਂ ਕਿਸੇ ਹੋਰ ਥਾਂ ਤੋਂ ਐਂਬੂਲੈਂਸ ਦੇ ਆਉਣ ਵਿੱਚ ਦੇਰੀ ਹੋ ਸਕਦੀ ਹੈ।
ਐਡਵੋਕੇਟ ਦਿਨੇਸ਼ ਚੱਢਾ ਨੇ ਜਦੋਂ ਐਂਬੂਲੈਂਸ ਦੀ ਖ਼ਸਤਾ ਹਾਲਤ ਹੋਣ ਬਾਰੇ ਸੰਬਧਿਤ ਅਧਿਕਾਰੀਆਂ ਨੂੰ ਪੁੱਛਿਆ ਤਾਂ ਪਤਾ ਚੱਲਿਆ ਕਿ ਪਿਛਲੇ ਤਿੰਨ ਕੁ ਸਾਲ ਤੋਂ ਇਸ ਐਂਬੂਲੈਂਸ ਦੀ ਕੋਈ ਚੈਕਿੰਗ ਨਹੀਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਸ ਐਂਬੂਲੈਂਸ ਦੀ ਨਾ ਆਰ.ਸੀ ਪਾਸ ਸੀ, ਇਹ ਐਮਬੂਲੈਂਸ ਫੱਟੜ ਹੋਏ ਵਿਅਕਤੀ ਨੂੰ ਹਸਪਤਾਲ਼ ਲਿਜਾਣ ਤੱਕ ਸਿਰਫ਼ ਇਕ ਟੈਕਸੀ ਦੇ ਰੂਪ ਵਿੱਚ ਕੰਮ ਕਰਦੀ ਹੈ। ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਵਿਧਾਇਕ ਚੱਢਾ ਨੇ ਉਨ੍ਹਾਂ ਤੋਂ ਪੁੱਛਿਆ ਕਿ ਐਮਬੂਲੈਂਸ ਦੀ ਖ਼ਸਤਾ ਹਾਲਤ ਦਾ ਜ਼ਿੰਮੇਵਾਰ ਕੌਣ ਹੈ, ਤਾਂ ਅਧਿਕਾਰੀਆਂ ਨੂੰ ਕੋਈ ਜਵਾਬ ਨਾ ਆਇਆ।
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮੌਕੇ ਤੇ ਸਿਵਲ ਸਰਜਨ ਡਾਕਟਰ ਪਰਮਿੰਦਰ ਕੁਮਾਰ ਨੂੰ ਕਿਹਾ ਕਿ ਇਹ ਐਂਬੂਲੈਂਸ ਦੀ ਚੈਕਿੰਗ ਕਰਕੇ ਸ਼ਰਤਾਂ ਨਾ ਪੂਰੀਆਂ ਕਰਨ ਉੱਤੇ ਬਣਦੀ ਕਰਵਾਈ ਕੀਤੀ ਜਾਵੇ ਅਤੇ ਜਲਦੀ ਐਮਬੂਲੈਂਸ ਸੇਵਾਵਾਂ ਵਿੱਚ ਹਾਲਤ ਵਿੱਚ ਸੁਧਾਰ ਕੀਤਾ ਜਾਵੇ।