- ਟੈਕਸੀ ਡਰਾਈਵਰ ਹੁੰਦੇ ਹੋਏ ਔਰਤ ਨਾਲ ਛੇੜਛਾੜ ਦਾ ਮਾਮਲਾ
- ਦੋਸ਼ੀਆਂ ‘ਚ 5 ਪੁਲਿਸ ਕਰਮਚਾਰੀ ਵੀ ਸ਼ਾਮਲ
ਤਰਨਤਾਰਨ —— ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਜਿੰਦਰ ਸਿੰਘ ਨੂੰ ਤਰਨਤਾਰਨ ਦੀ ਇੱਕ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਸਮੇਤ 8 ਵਿਅਕਤੀਆਂ ਜਿਨ੍ਹਾਂ ਵਿਚ ਕੁਝ ਪੁਲਿਸ ਕਰਮਚਾਰੀ ਵੀ ਹਨ, ਉਨ੍ਹਾਂ ਨੂੰ ਵੀ ਐੱਸ.ਸੀ/ਐੱਸ.ਟੀ. ਐਕਟ ਤਹਿਤ 4 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਧਾਰਾ 354 ਤਹਿਤ 3 ਸਾਲ, ਧਾਰਾ 506 ਤਹਿਤ 1 ਸਾਲ ਅਤੇ ਧਾਰਾ 323 ਤਹਿਤ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਸੁਣਾਏ ਜਾਣ ਤੋਂ ਇਲਾਵਾ ਵਿਧਾਇਕ ਲਾਲਪੁਰਾ ਸਮੇਤ ਸਾਰੇ ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ ਹੈ।
10 ਸਤੰਬਰ ਨੂੰ ਅਦਾਲਤ ਨੇ ਲਾਲਪੁਰਾ ਨੂੰ 12 ਸਾਲ ਪਹਿਲਾਂ ਇੱਕ ਔਰਤ ‘ਤੇ ਹਮਲਾ ਕਰਨ ਅਤੇ ਛੇੜਛਾੜ ਕਰਨ ਦਾ ਦੋਸ਼ੀ ਠਹਿਰਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਜੋ ਘਟਨਾ ਸਮੇਂ ਟੈਕਸੀ ਡਰਾਈਵਰ ਸੀ, ਤੋਂ ਇਲਾਵਾ ਅਦਾਲਤ ਨੇ 5 ਪੁਲਿਸ ਕਰਮਚਾਰੀ ਦਵਿੰਦਰ ਕੁਮਾਰ, ਸਾਰਜ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਵੀ ਦੋਸ਼ੀ ਠਹਿਰਾਇਆ ਸੀ। ਹਾਲਾਂਕਿ, ਅਦਾਲਤ ਨੇ ਗਗਨਦੀਪ ਸਿੰਘ ਅਤੇ ਪੁਲਿਸ ਕਰਮਚਾਰੀ ਨਰਿੰਦਰਜੀਤ ਸਿੰਘ ਅਤੇ ਗੁਰਦੀਪ ਰਾਜ ਨੂੰ ਨਿਆਂਇਕ ਹਿਰਾਸਤ ਵਿੱਚ ਨਹੀਂ ਭੇਜਿਆ।
ਇਹ ਪੂਰਾ ਮਾਮਲਾ 2013 ਦਾ ਹੈ। ਉਸ ਸਮੇਂ ਵਿਧਾਇਕ ਲਾਲਪੁਰਾ ਇੱਕ ਟੈਕਸੀ ਡਰਾਈਵਰ ਸੀ। ਉਨ੍ਹਾਂ ‘ਤੇ ਵਿਆਹ ਲਈ ਆਈ ਇੱਕ ਔਰਤ ‘ਤੇ ਹਮਲਾ ਕਰਨ ਦਾ ਦੋਸ਼ ਸੀ। ਔਰਤ ਨੇ ਟੈਕਸੀ ਡਰਾਈਵਰਾਂ ‘ਤੇ ਛੇੜਛਾੜ ਦੇ ਵੀ ਦੋਸ਼ ਲਗਾਏ ਸਨ। ਵਿਧਾਇਕ ਲਾਲਪੁਰਾ ਦੇ ਵਕੀਲ ਨੇ ਦੱਸਿਆ ਸੀ ਕਿ ਇੱਕ ਦਲਿਤ ਲੜਕੀ ‘ਤੇ ਹਮਲੇ ਦਾ ਮਾਮਲਾ ਹੈ।

