ਲੁਧਿਆਣਾ, 7 ਫਰਵਰੀ 2023 – ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਸ਼ਹਿਰ ਵਾਸੀਆਂ ਨੂੰ ਬੇਨਤੀ ਅਤੇ ਚੇਤਾਵਨੀ ਦੋਵੇਂ ਹੀ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕ ਇਸ ਨਹਿਰ ਵਿੱਚ ਕੂੜਾ ਕਰਕਟ ਅਤੇ ਪੂਜਾ ਪਾਠ ਦੇ ਸਮਾਨ ਸੁੱਟ ਦਿੰਦੇ ਹਨ। ਪ੍ਰਸ਼ਾਸਨ ਵੱਲੋਂ ਇਸ ਨਹਿਰ ਦੀ ਸਫ਼ਾਈ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ। ਗੋਗੀ ਨੇ ਕਿਹਾ ਕਿ ਜੇਕਰ ਕੁਦਰਤ ਨੇ ਪੱਛਮੀ ਹਿੱਸੇ ਨੂੰ ਕੋਈ ਨਹਿਰ ਦਿੱਤੀ ਹੈ ਤਾਂ ਉਸ ਦਾ ਸਤਿਕਾਰ ਕਰੋ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਹੈ ਕਿ ਇਸ ਨਹਿਰ ਦੀ ਸਫ਼ਾਈ ਅਜਿਹੀ ਹੋਣੀ ਚਾਹੀਦੀ ਹੈ ਜਿਸ ਤੋਂ ਨੀਲਾ ਪਾਣੀ ਨਜ਼ਰ ਆਵੇ। ਇਸ ਦੇ ਨਾਲ ਹੀ ਸਵੇਰੇ-ਸ਼ਾਮ ਸ਼ਹਿਰ ਦੇ ਲੋਕ ਇਸ ਨਹਿਰ ਦੇ ਆਲੇ-ਦੁਆਲੇ ਤਾਜ਼ੀ ਹਵਾ ਦਾ ਆਨੰਦ ਲੈ ਸਕਦੇ ਸਨ। ਗੋਗੀ ਨੇ ਕਿਹਾ ਕਿ ਉਹ ਆਪਣੇ ਹਲਕੇ ਵਿੱਚ ਪੈਂਦੀ ਇਸ ਨਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਸਖ਼ਤ ਕਦਮ ਚੁੱਕ ਰਹੇ ਹਨ।
ਜੇਕਰ ਕੋਈ ਵਿਅਕਤੀ ਨਹਿਰ ਵਿੱਚ ਕੂੜਾ ਆਦਿ ਸੁੱਟਦਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਕੇਸ ਦਰਜ ਕੀਤਾ ਜਾਵੇਗਾ। ਨਹਿਰ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰੇ ਆਦਿ ਲਗਾਏ ਜਾਣੇ ਹਨ। ਪ੍ਰਸ਼ਾਸਨ ਵੱਲੋਂ ਪਿਛਲੇ ਦਿਨਾਂ ਤੋਂ ਇਸ ਨਹਿਰ ਦੀ ਸਫ਼ਾਈ ਲਈ ਜੇਸੀਬੀ ਮਸ਼ੀਨਾਂ ਆਦਿ ਲਗਾਈਆਂ ਗਈਆਂ ਹਨ। ਹੁਣ ਸ਼ਹਿਰ ਦੇ ਲੋਕਾਂ ਨੂੰ ਵੀ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ।