- ਨਿਤਿਨ ਨਾਂ ਦਾ ਕੋਈ ਪੀ.ਏ ਨਹੀਂ; ਥਾਣੇਦਾਰ ਨੇ ਵੀ ਪੈਸੇ ਨਾ ਮੰਗਣ ਦਾ ਦਿੱਤਾ ਬਿਆਨ
ਡੇਰਾਬੱਸੀ, 5 ਅਗਸਤ 2022 – ਡੇਰਾਬੱਸੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਜੀਤ ਰੰਧਾਵਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਨਿਤਿਨ ਨਾਂ ਦਾ ਕੋਈ ਪੀਏ ਨਹੀਂ ਹੈ। ਇਸ ਤੋਂ ਬਿਨਾਂ ਥਾਣੇਦਾਰ ਨੇ ਵੀ ਖੁਦ ਲਿਖਤੀ ਰੂਪ ਵਿੱਚ ਦਿੱਤਾ ਹੈ ਕਿ ਉਸ ਤੋਂ ਕਿਸੇ ਨੇ ਰਿਸ਼ਵਤ ਨਹੀਂ ਮੰਗੀ। ਵਿਧਾਇਕ ਨੇ ਸ਼ਿਕਾਇਤਕਰਤਾ ਨੂੰ ਮਾਨਸਿਕ ਰੋਗੀ ਦੱਸਿਆ ਹੈ।
ਕੱਲ੍ਹ ਵਿਧਾਇਕ ਦੇ ਪੀਏ ਕਹੇ ਜਾਣ ਵਾਲੇ ਨਿਤਿਨ ਲੂਥਰਾ ਖ਼ਿਲਾਫ਼ ਸੀਐਮ ਭਗਵੰਤ ਮਾਨ ਦੀ ਹੈਲਪਲਾਈਨ ’ਤੇ ਸ਼ਿਕਾਇਤ ਪਹੁੰਚੀ ਸੀ। ਜਿਸ ਵਿੱਚ ਇੱਕ ਕਾਲ ਰਿਕਾਰਡਿੰਗ ਸੀ। ਜਿਸ ਵਿੱਚ ਬਲਟਾਣਾ ਚੌਕੀ ਦੇ ਇੰਚਾਰਜ ਬਰਮਾ ਸਿੰਘ ਨੇ ਦਾਅਵਾ ਕੀਤਾ ਕਿ ਵਿਧਾਇਕ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਨੇ ਉਨ੍ਹਾਂ ਤੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਹੈ। ਜਦੋਂ ਪੈਸੇ ਨਾ ਦਿੱਤੇ ਤਾਂ ਉਸ ਦਾ ਟਰਾਂਸਫਰ ਕਰ ਦਿੱਤਾ ਗਿਆ।
ਵਿਧਾਇਕ ਕੁਲਜੀਤ ਰੰਧਾਵਾ ਨੇ ਕਿਹਾ ਕਿ ਐਸਐਚਓ ਨੇ ਬਿਆਨ ਦਿੱਤਾ ਹੈ ਕਿ ਮੇਰੇ ਤੋਂ ਕੋਈ ਪੈਸੇ ਨਹੀਂ ਮੰਗੇ ਗਏ। ਨਾ ਹੀ ਮੈਨੂੰ ਵਿਧਾਇਕ ਦਾ ਫੋਨ ਆਇਆ। ਨਾ ਹੀ ਨਿਤਿਨ ਨਾਂ ਦਾ ਕੋਈ ਵਿਅਕਤੀ ਮੇਰੇ ਕੋਲ ਆਇਆ। ਦੂਜੇ ਪਾਸੇ ਸ਼ਿਕਾਇਤਕਰਤਾ ਧਵਨ ਮਾਨਸਿਕ ਰੋਗੀ ਹੈ। ਮੇਰੇ ਕੋਲ ਨਿਤਿਨ ਨਾਮ ਦੇ 5-7 ਲੋਕ ਹਨ। ਚਾਹੇ ਕੋਈ ਵੀ ਪੰਜਾਬ ਵਿਧਾਨ ਸਭਾ ਦਾ ਰਿਕਾਰਡ ਚੈੱਕ ਕਰ ਲਵੇ, ਪਰ ਉਸ ਕੋਲ ਨਿਤਿਨ ਨਾਂ ਦਾ ਕੋਈ ਪੀ.ਏ ਨਹੀਂ ਹੈ।
ਵਿਧਾਇਕ ਕੁਲਜੀਤ ਰੰਧਾਵਾ ਨੇ ਦੱਸਿਆ ਕਿ ਐਸਐਚਓ ਬਰਮਾ ਸਿੰਘ ਨੂੰ ਸੋਹਾਣਾ ਥਾਣੇ ਵਿੱਚ ਤਾਇਨਾਤ ਕੀਤਾ ਗਿਆ ਹੈ। ਜੇ ਮੇਰੀ ਕੋਈ ਦੁਸ਼ਮਣੀ ਹੁੰਦੀ ਤਾਂ ਉਸ ਦੀ ਬਦਲੀ ਜ਼ਿਲ੍ਹੇ ਤੋਂ ਬਾਹਰ ਹੋ ਜਾਂਦੀ। ਸੋਹਾਣਾ ਥਾਣੇ ਵਿੱਚ ਤਾਇਨਾਤੀ ਲਈ ਸਿਫਾਰਿਸ਼ਾਂ ਕੀਤੀਆਂ ਹਨ। ਮੇਰਾ 35 ਸਾਲਾਂ ਦਾ ਸਿਆਸੀ ਕਰੀਅਰ ਹੈ। ਜੇਕਰ ਮੈਂ ਕਿਸੇ ਤੋਂ ਇੱਕ ਰੁਪਿਆ ਵੀ ਲਿਆ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।